ਗੁਰਦਾਸਪੁਰ ਦੀ ਰਾਮਸਰਨ ਕਲੋਨੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪੱਕੀ ਖੇਤੀਬਾੜੀ ਵਾਲੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਲਗਭਗ 5 ਏਕੜ ਦੇ ਕਰੀਬ ਖੇਤਰ ਵਿੱਚ ਖੜੀ ਫਸਲ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਸਥਾਨਕ ਲੋਕਾਂ ਅਤੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਅੱਗ ਲੱਗਣ ਦਾ ਸੰਭਾਵਿਤ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਜਿਵੇਂ ਹੀ ਅੱਗ ਨੇ ਆਪਣਾ ਰੌਦਰ ਰੂਪ ਧਾਰਿਆ, ਲਪਟਾਂ ਤੇਜ਼ੀ ਨਾਲ ਫੈਲਣ ਲੱਗੀਆਂ ਅਤੇ ਨੇੜਲੇ ਇਲਾਕਿਆਂ ਵੱਲ ਵਧਣ ਦਾ ਖ਼ਤਰਾ ਬਣ ਗਿਆ।
ਇਸ ਦੌਰਾਨ, ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਟੀਮ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਫਾਇਰ ਕਰਮਚਾਰੀਆਂ ਨੇ ਆਪਣੀ ਸੂਝ-ਬੂਝ ਨਾਲ ਅੱਗ ‘ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।
ਹਾਲਾਂਕਿ ਇਸ ਘਟਨਾ ਵਿੱਚ ਲਗਭਗ ਇੱਕ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਗਈ, ਜਿਸ ਨਾਲ ਕਿਸਾਨ ਨੂੰ ਨੁਕਸਾਨ ਝੱਲਣਾ ਪਿਆ। ਪੀੜਤ ਕਿਸਾਨ ਨੇ ਦੱਸਿਆ ਕਿ ਅੱਗ ਸ਼ਾਇਦ ਸ਼ਾਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ, ਪਰ ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਨੁਕਸਾਨ ਕਈ ਗੁਣਾ ਵੱਧ ਸਕਦਾ ਸੀ।
ਖ਼ਾਸ ਗੱਲ ਇਹ ਹੈ ਕਿ ਇਹ ਇਲਾਕਾ ਰਿਹਾਇਸ਼ੀ ਸੀ, ਜਿੱਥੇ ਅੱਗ ਦੇ ਫੈਲਣ ਨਾਲ ਘਰਾਂ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਸੀ। ਪਰ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਨੇ ਇੱਕ ਵੱਡੇ ਹਾਦਸੇ ਨੂੰ ਟਾਲ ਦਿੱਤਾ।
EDITED BY- HARLEEN KAUR




