ਪੰਜਾਬ ‘ਚ ਰੇਲਵੇ ਟ੍ਰੈਕ ‘ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਪਟਿਆਲਾ ਦੇ ਰਾਜਪੁਰਾ ਵਿੱਚ ਅੰਬਾਲਾ-ਅੰਮ੍ਰਿਤਸਰ ਰੇਲ ਫ੍ਰੇਟ ਕਾਰੀਡੋਰ ‘ਤੇ ਹਮਲਾ ਪਾਕਿਸਤਾਨੀ ਖੁਫੀਆ ਏਜੰਸੀ ISI ਅਤੇ ਖਾਲਿਸਤਾਨੀ ਅੱਤਵਾਦੀਆਂ ਨੇ ਕਰਵਾਇਆ ਸੀ। ਪਟਿਆਲਾ ਪੁਲਿਸ ਨੇ ਇਹ ਦਾਅਵਾ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤਾ ਹੈ। ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਚਾਹਲ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬੰਗਾ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਤੋਂ ਇੱਕ ਬੰਬ, ਦੋ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇੱਕ IED ਬਰਾਮਦ ਕੀਤਾ ਗਿਆ ਸੀ।
DIG ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਮਾਡਿਊਲ ਮਲੇਸ਼ੀਆ ਸਥਿਤ ਆਈਐਸਆਈ ਅਤੇ ਕੱਟੜਪੰਥੀ ਖਾਲਿਸਤਾਨੀ ਸੰਗਠਨਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਉਨ੍ਹਾਂ ਦਾ ਉਦੇਸ਼ ਅੱਤਵਾਦੀ ਹਮਲੇ ਕਰਕੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਅਤੇ ਦਹਿਸ਼ਤ ਪੈਦਾ ਕਰਨਾ ਸੀ। ਉਨ੍ਹਾਂ ਨੇ ਰੇਲਵੇ ਕਾਰਵਾਈਆਂ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਰੇਲਵੇ ਪਟੜੀਆਂ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪੂਰਾ ਮਾਡਿਊਲ ਪਾਕਿਸਤਾਨ ਤੋਂ ਕੰਮ ਕਰ ਰਿਹਾ ਸੀ।
ਦੱਸ ਦਈਏ ਕਿ ਇਹ ਧਮਾਕਾ 27 ਅਪ੍ਰੈਲ ਨੂੰ ਰਾਤ ਲਗਭਗ 8:30 ਵਜੇ ਇੱਕ ਚੱਲਦੀ ਮਾਲ ਗੱਡੀ ਦੇ ਹੇਠਾਂ ਹੋਇਆ। ਡਰਾਈਵਰ ਹੈਰਾਨ ਰਹਿ ਗਿਆ ਅਤੇ ਉਸਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਰੇਲਵੇ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਕਿਹਾ ਕਿ ਇਹ ਸੰਭਵ ਹੈ ਕਿ ਬੰਬ ਫਿਟ ਕਰਨ ਵਾਲਾ ਉਸ ਸਮੇਂ ਨੇੜੇ ਹੀ ਖੜ੍ਹਾ ਸੀ, ਜਦੋਂ ਧਮਾਕਾ ਹੋਇਆ ਅਤੇ ਉਸ ਦੇ ਵੀ ਇਸ ਧਮਾਕੇ ਵਿੱਚ ਚਿਰਥੜੇ ਉੱਡ ਗਏ। ਮ੍ਰਿਤਕ, ਜਗਰੂਪ ਸਿੰਘ ਰੂਪਾ, ਤਰਨਤਾਰਨ ਦੇ ਪੰਜਵੜ ਪਿੰਡ ਦਾ ਰਹਿਣ ਵਾਲਾ ਸੀ। ਉਹ ਮਲੇਸ਼ੀਆ ਗਿਆ ਸੀ।
EDITED BY- HARLEEN KAUR


