देश
Amarnath Yatra ‘ਤੇ ਜਾਣ ਤੋਂ ਪਹਿਲਾਂ ਜ਼ਰੂਰ ਜਾਣੋ ਇਹ ਨਿਯਮ

ਜੁਲਾਈ ਮਹੀਨੇ ਵਿੱਚ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਨੂੰ ਲੈ ਕੇ ਦੇਸ਼ ਭਰ ਵਿੱਚ ਸ਼ਰਧਾਲੂਆਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਜੰਮੂ-ਕਸ਼ਮੀਰ ਵੱਲ ਰੁਖ ਕਰਨ ਦੀ ਤਿਆਰੀ ਵਿੱਚ ਹਨ। ਇਸੀ ਦਰਮਿਆਨ ਯਾਤਰਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਲੋਕ ਵੱਡੀ ਗਿਣਤੀ ਵਿੱਚ ਆਪਣਾ ਨਾਮ ਦਰਜ ਕਰਵਾ ਰਹੇ ਹਨ।
ਪਠਾਨਕੋਟ ਵਿੱਚ ਵੀ ਇਸ ਯਾਤਰਾ ਨੂੰ ਲੈ ਕੇ ਖਾਸੀ ਹਲਚਲ ਦਿਖਾਈ ਦੇ ਰਹੀ ਹੈ। ਸਿਵਲ ਹਸਪਤਾਲ ਪਠਾਨਕੋਟ ਵਿੱਚ ਹਰ ਰੋਜ਼ ਸ਼ਰਧਾਲੂ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਕ, ਯਾਤਰਾ ਲਈ ਮੈਡੀਕਲ ਚੈੱਕਅਪ ਲਾਜ਼ਮੀ ਹੈ, ਜਿਸ ਕਰਕੇ ਲੋਕ ਪਹਿਲਾਂ ਹੀ ਆਪਣੀ ਤਿਆਰੀ ਪੂਰੀ ਕਰਨ ਵਿੱਚ ਜੁਟੇ ਹੋਏ ਹਨ।
ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਵਧਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਐਸਐਮਓ ਪਠਾਨਕੋਟ ਨੇ ਦੱਸਿਆ ਕਿ ਅਮਰਨਾਥ ਯਾਤਰਾ ਲਈ ਮੈਡੀਕਲ ਕਰਵਾਉਣ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵੱਖਰੇ ਤੌਰ ‘ਤੇ ਡਾਕਟਰ ਦੀ ਤੈਨਾਤੀ ਕੀਤੀ ਗਈ ਹੈ, ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਮੈਡੀਕਲ ਕਰਵਾਉਣ ਲਈ ਆ ਰਹੇ ਹਨ ਅਤੇ ਹਸਪਤਾਲ ਸਟਾਫ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨਿਭਾਇਆ ਜਾਵੇ। ਮੈਡੀਕਲ ਟੈਸਟ ਦੇ ਦੌਰਾਨ ਸ਼ਰਧਾਲੂਆਂ ਦੀ ਸਿਹਤ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਨਾ ਆਵੇ।
ਜਿਵੇਂ ਜਿਵੇਂ ਯਾਤਰਾ ਦੀ ਤਾਰੀਖ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਹੀ ਰਜਿਸਟਰੇਸ਼ਨ ਅਤੇ ਮੈਡੀਕਲ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਸ਼ਰਧਾਲੂਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਖਾਸ ਉਤਸ਼ਾਹ ਹੈ ਅਤੇ ਉਹ ਪੂਰੀ ਸ਼ਰਧਾ ਨਾਲ ਇਸ ਪਵਿੱਤਰ ਯਾਤਰਾ ਦੀ ਤਿਆਰੀ ਕਰ ਰਹੇ ਹਨ।



