
ਮੋਹਾਲੀ ਵਿੱਚ, ਇੱਕ ਸਾਢੇ 4 ਸਾਲ ਦੀ ਬੱਚੀ ਨੂੰ ਉਸਦੇ ਦਾਦਾ-ਦਾਦੀ ਦੇ ਸਾਹਮਣੇ ਦਿਨ-ਦਿਹਾੜੇ ਅਗਵਾ ਕਰ ਲਿਆ ਗਿਆ। ਇੱਕ ਕਾਰ ਵਿੱਚ ਸਵਾਰ ਲੋਕ ਬੱਚੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੱਚੀ ਆਪਣੇ ਦਾਦਾ-ਦਾਦੀ ਨਾਲ ਸਕੂਟਰ ‘ਤੇ ਸਵਾਰ ਦਿਖਾਈ ਦੇ ਰਹੀ ਹੈ। ਹੁਣ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋਏ ਹਨ। ਦਰਅਸਲ, ਮੋਹਾਲੀ ਪੁਲਿਸ ਨੇ ਮੁਸਤੈਦੀ, ਬਹਾਦਰੀ ਅਤੇ ਤੁਰੰਤ ਕਾਰਵਾਈ ਕਰਦਿਆਂ ਦਿਨ-ਦਿਹਾੜੇ ਅਗਵਾ ਹੋਈ ਇੱਕ ਮਾਸੂਮ ਬੱਚੀ ਨੂੰ ਮਹਿਜ਼ 6 ਘੰਟਿਆਂ ਦੇ ਅੰਦਰ-ਅੰਦਰ ਸੁਰੱਖਿਅਤ ਬਰਾਮਦ ਕਰ ਲਿਆ। ਪੁਲਿਸ ਨੇ ਬੱਚੀ ਨੂੰ ਸਹੀ-ਸਲਾਮਤ ਉਸ ਦੇ ਮਾਂ-ਬਾਪ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਪੂਰੀ ਵਾਰਦਾਤ ਕਿਸੇ ਬਾਹਰੀ ਗੈਂਗ ਦੀ ਬਜਾਏ ਪਰਿਵਾਰਕ ਝਗੜੇ ਅਤੇ ਬੱਚੀ ਦੀ ਮਾਲਕੀ ਹੱਕ (ਕਸਟਡੀ) ਦੇ ਵਿਵਾਦ ਨਾਲ ਜੁੜੀ ਹੋਈ ਸਾਹਮਣੇ ਆਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀ ਦੇ ਪਰਿਵਾਰ ਦਾ ਆਪਸੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਦਮੇ ਵਿੱਚੋਂ ਬਾਹਰ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।
EDITED BY- HARLEEN KAUR




