टॉप न्यूज़
ਮੂਨਕ ਵਿਖੇ ਵਿਆਹ ਦਾ ਖਾਣਾ ਖਾਣ ਨਾਲ ਸੈਂਕੜੇ ਲੋਕ ਹੋਏ ਬਿਮਾਰ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਹਸਪਤਾਲ ਪਹੁੰਚ ਜਾਣਿਆ ਮਰੀਜ਼ਾਂ ਦਾ ਹਾਲ
ਪਿਛਲੇ ਦਿਨੀਂ ਮੂਨਕ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਤੋਂ ਬਾਅਦ ਕਈ ਵਿਅਕਤੀਆਂ (ਮਹਿਲਾਵਾਂ, ਮਰਦ, ਬੱਚੇ ਅਤੇ ਬਜ਼ੁਰਗਾਂ) ਦੀ ਅਚਾਨਕ ਤਬੀਅਤ ਵਿਗੜ ਜਾਣ ਤੋਂ ਬਾਅਦ ਉਹਨਾਂ ਨੂੰ ਮੂਨਕ ਦੇ ਸਿਵਲ ਹਸਪਤਾਲ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜੋ ਕਿ ਅੱਜ ਵੀ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਕੈਬਿਨਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਸੰਗਰੂਰ, ਐਸਡੀਐਮ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਸਹੀ ਇਲਾਜ ਕਰਵਾਉਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਅਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਪੂਰਾ ਇਲਾਜ ਨਹੀਂ ਹੋ ਜਾਂਦਾ ਉਦੋਂ ਤੱਕ ਸਾਰੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ 24 ਘੰਟੇ ਪਲ ਪਲ ਸਥਿਤੀ ‘ਤੇ ਨਜ਼ਰ ਰੱਖਣਗੇ, ਜਿਸ ਤਹਿਤ ਸਿਹਤ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਸਪਤਾਲ ਪਹੁੰਚ ਕੇ ਮਰੀਜ਼ਾਂ ਦੀ ਇਲਾਜ ਪ੍ਰਕਿਰਿਆ ਅਤੇ ਸਹੂਲਤਾਂ ਨੂੰ ਦੇਖਿਆ। ਮਰੀਜ਼ਾਂ ਦੇ ਇਲਾਜ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਵੱਖ ਵੱਖ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਨੂੰ ਬੁਲਾ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਕੁਝ ਮਰੀਜ਼ਾਂ ਨੂੰ ਸੰਗਰੂਰ ਰੈਫਰ ਵੀ ਕੀਤਾ ਗਿਆ।
ਅੱਜ ਖੁਦ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਸਿਵਲ ਹਸਪਤਾਲ ਮੂਨਕ ਪਹੁੰਚ ਕੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਤੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ, ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਸਾਰੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਵੀ ਹਾਸਿਲ ਕੀਤੀ ਅਤੇ ਮਰੀਜ਼ਾਂ ਦੇ ਚੱਲ ਰਹੇ ਇਲਾਜ ਬਾਰੇ ਵੀ ਜਾਣਿਆ।
EDITED BY- HARLEEN KAUR




