
ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲ੍ਹਾ ਨੌ ਨਾਲ ਸੰਬੰਧਿਤ ਇਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜਵਿੰਦਰ ਸਿੰਘ (ਉਮਰ ਕਰੀਬ 28 ਸਾਲ) ਵਜੋਂ ਹੋਈ ਹੈ, ਜੋ ਕਰੀਬ ਤਿੰਨ ਸਾਲ ਪਹਿਲਾਂ ਸਪਾਉਸ ਵੀਜ਼ੇ ’ਤੇ ਆਪਣੀ ਪਤਨੀ ਕੋਲ ਕੈਨੇਡਾ ਗਿਆ ਸੀ। ਇਸ ਦੁੱਖ ਦੀ ਘੜੀ ‘ਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਜਿਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਪਰਿਵਾਰਕ ਮੈਂਬਰਾਂ ਅਨੁਸਾਰ ਰਾਜਵਿੰਦਰ ਸਿੰਘ ਉਰਫ ਰਾਜੂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਸਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਕਿਲ੍ਹਾ ਨੌ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ।
EDITED BY- HARLEEN KAUR



