Jalandhar ‘ਚ ਕੁੱਕਰ ਮਾਰ ਕੇ ਦੋਸਤ ਦਾ ਕੀਤਾ ਕਤਲ
ਸ਼ਰਾਬ ਪੀਂਦੇ ਸਮੇਂ ਪੈਸਿਆਂ ਦੇ ਲੈਣ -ਦੇਣ ਨੂੰ ਲੈ ਕੇ ਹੋਇਆ ਵਿਵਾਦ

ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਥੋੜ੍ਹੇ ਜਿਹੇ ਪੈਸਿਆਂ ਦੇ ਵਿਵਾਦ ਵਿੱਚ ਇੱਕ ਦੋਸਤ ਨੇ ਆਪਣੇ ਹੀ ਰੂਮਮੇਟ ਅਤੇ ਕਰੀਬੀ ਸਾਥੀ ਦਾ ਕਤਲ ਕਰ ਦਿੱਤਾ। ਇਹ ਘਟਨਾ ਸੰਤੋਖਪੁਰਾ ਦੇ ਸਰਾਭਾ ਨਗਰ ਇਲਾਕੇ ਦੀ ਹੈ।
ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ਵਿੱਚ ਦੋਸਤਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋ ਗਈ। ਵੇਖਦੇ ਹੀ ਵੇਖਦੇ ਝਗੜਾ ਇੰਨਾ ਵੱਧ ਗਿਆ ਕਿ ਆਰੋਪੀ ਨੇ ਕੋਲ ਪਿਆ ਪ੍ਰੈਸ਼ਰ ਕੁੱਕਰ ਚੁੱਕ ਕੇ ਪੀੜਤ ਦੇ ਸਿਰ ‘ਤੇ ਜ਼ੋਰਦਾਰ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ PCR-16 ਦੇ ASI ਸਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਪ੍ਰਦੀਪ ਨੂੰ ਹਸਪਤਾਲ ਭੇਜਿਆ ਪਰ ਗੰਭੀਰ ਚੋਟਾਂ ਕਾਰਨ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਡਾਕਟਰਾਂ ਨੇ ਹਸਪਤਾਲ ਪਹੁੰਚਦੇ ਹੀ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਸਟੇਸ਼ਨ 8 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਰਾਜੇਸ਼ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਕਿੰਨੇ ਪੈਸਿਆਂ ਦੇ ਵਿਵਾਦ ਕਾਰਨ ਇਹ ਖੌਫਨਾਕ ਕਤਲ ਹੋਇਆ।
EDITED BY- HARLEEN KAUR




