
ਹਿਮਾਚਲ ਪ੍ਰਦੇਸ਼ ਦੀ ਮਸ਼ਹੂਰ ਟੂਰਿਸਟ ਪਲੇਸ ਸਾਚ ਪਾਸ (ਸੱਚੇ ਜੋਤ) ਜਾਣ ਵਾਲੇ ਸੈਲਾਨੀਆਂ ਲਈ ਪ੍ਰਸ਼ਾਸਨ ਨੇ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਹੁਣ ਦੁਪਹਿਰ 12 ਵਜੇ ਤੋਂ ਬਾਅਦ ਬੈਰਾਗੜ੍ਹ ਚੈੱਕ ਪੋਸਟ ਤੋਂ ਸਾਚ ਪਾਸ ਵੱਲ ਕਿਸੇ ਵੀ ਟੂਰਿਸਟ ਵਹੀਕਲ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਫੈਸਲਾ ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ।
ਪ੍ਰਸ਼ਾਸਨ ਦਾ ਇਹ ਕਦਮ ਪਿਛਲੇ ਹਫ਼ਤੇ ਹੋਏ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਚੁੱਕਿਆ ਗਿਆ ਹੈ। ਸਾਚ ਪਾਸ ਜਾਣ ਵੇਲੇ ਬੰਗਲੁਰੂ ਦੇ ਸੈਲਾਨੀਆਂ ਦੀ ਕਾਰ ਕਾਲਾਬਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਣੇ ਅੱਠ ਸੈਲਾਨੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਨੇ ਸਾਚ ਪਾਸ ਰੂਟ ‘ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਸਾਚ ਪਾਸ ਸਮੁੰਦਰ ਤਲ ਤੋਂ ਲਗਭਗ 14,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਅਸਮਾਨ ਵਿੱਚ ਬੱਦਲਵਾਈ ਹੁੰਦਿਆਂ ਹੀ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ ਅਤੇ ਮੌਸਮ ਤੇਜ਼ੀ ਨਾਲ ਬਦਲ ਜਾਂਦਾ ਹੈ। ਦੁਪਹਿਰ ਵੇਲੇ ਸੰਘਣੀ ਧੁੰਦ, ਤੇਜ਼ ਹਵਾਵਾਂ ਅਤੇ ਤਾਪਮਾਨ ਵਿੱਚ ਅਚਾਨਕ ਗਿਰਾਵਟ ਆ ਜਾਂਦੀ ਹੈ, ਜਿਸ ਕਰਕੇ ਗੱਡੀ ਚਲਾਉਣਾ ਖ਼ਤਰਨਾਕ ਹੋ ਜਾਂਦਾ ਹੈ। ਹਾਦਸਿਆਂ ਦਾ ਖ਼ਤਰਾ ਖਾਸ ਤੌਰ ‘ਤੇ ਸ਼ਾਮ ਅਤੇ ਰਾਤ ਦੇ ਸਮੇਂ ਜ਼ਿਆਦਾ ਹੁੰਦਾ ਹੈ।



