
ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਪਾਵਰਕਾਮ ਵੱਲੋਂ ਸੂਬੇ ਭਰ ਦੇ ਖ਼ਪਤਕਾਰਾਂ ਦਾ ਮੋਬਾਇਲ ਨੰਬਰ ਤੇ ਈ-ਮੇਲ ਵੇਰਵਾ ਅਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਖ਼ਪਤਕਾਰਾਂ ਦੀ ਸਹੀ ਜਾਣਕਾਰੀ ਇਕੱਠੀ ਕਰਕੇ ਬਿਜਲੀ ਸਬੰਧੀ ਸੇਵਾਵਾਂ ਅਤੇ ਸੂਚਨਾਵਾਂ ਨੂੰ ਸਿੱਧੇ ਤੌਰ ’ਤੇ ਸਹੀ ਖ਼ਪਤਕਾਰ ਤੱਕ ਪਹੁੰਚਾਉਣਾ ਹੈ। ਪਾਵਰਕਾਮ ਅਨੁਸਾਰ ਡਾਟਾ ਅਪਡੇਟ ਹੋਣ ਨਾਲ ਨਾ ਸਿਰਫ਼ ਖ਼ਪਤਕਾਰਾਂ ਨੂੰ ਸਮੇਂ ਸਿਰ ਜਾਣਕਾਰੀ ਮਿਲੇਗੀ, ਸਗੋਂ ਵਿਭਾਗ ਅਤੇ ਖ਼ਪਤਕਾਰਾਂ ਦਰਮਿਆਨ ਸੰਚਾਰ ਵੀ ਹੋਰ ਪ੍ਰਭਾਵਸ਼ਾਲੀ ਬਣੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਪਾਵਰਕਾਮ ਵੱਲੋਂ ਖ਼ਪਤਕਾਰਾਂ ਨੂੰ ਕਿਊਆਰ ਕੋਡ ਰਾਹੀਂ ਆਪਣੇ ਮੋਬਾਇਲ ਨੰਬਰ ਅਤੇ ਈ-ਮੇਲ ਵੇਰਵੇ ਅਪਡੇਟ ਕਰਨ ਦੀ ਅਪੀਲ ਕੀਤੀ ਗਈ ਹੈ। ਵਿਭਾਗ ਅਨੁਸਾਰ ਪਿਛਲੇ ਕਈ ਸਾਲਾਂ ਦੌਰਾਨ ਵੱਡੀ ਗਿਣਤੀ ’ਚ ਲੋਕ ਮੋਬਾਇਲ ਨੰਬਰ ਬਦਲ ਚੁੱਕੇ ਹਨ, ਕਈ ਮਕਾਨਾਂ ਅਤੇ ਫਲੈਟਾਂ ਦੀ ਖ਼ਰੀਦੋ-ਫਰੋਖ਼ਤ ਹੋ ਚੁੱਕੀ ਹੈ, ਜਦੋਂ ਕਿ ਕਈ ਥਾਵਾਂ ’ਤੇ ਬਿਜਲੀ ਕੁਨੈਕਸ਼ਨਾਂ ਨਾਲ ਅਜੇ ਵੀ ਪੁਰਾਣੇ ਮਾਲਕਾਂ ਜਾਂ ਕਿਰਾਏਦਾਰਾਂ ਦੇ ਮੋਬਾਇਲ ਨੰਬਰ ਦਰਜ ਹਨ। ਇਸ ਕਾਰਨ ਵਿਭਾਗ ਵੱਲੋਂ ਭੇਜੀਆਂ ਜਾਣ ਵਾਲੀਆਂ ਅਹਿਮ ਸੂਚਨਾਵਾਂ ਕਈ ਵਾਰ ਅਸਲ ਖ਼ਪਤਕਾਰਾਂ ਤੱਕ ਨਹੀਂ ਪਹੁੰਚਦੀਆਂ।
ਦੱਸ ਦੇਈਏ ਕਿ ਇਸ ਸਬੰਧੀ ਪਾਵਰਕਾਮ ਦੇ ਸੁਪਰੀਡੈਂਟ ਇੰਜੀ. ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਾਵਰਕਾਮ ਦਾ ਪੂਰਾ ਪ੍ਰਬੰਧ ਔਰੈਕਲ ਸਾਫ਼ਟਵੇਅਰ ਰਾਹੀਂ ਚਲਾਇਆ ਜਾਂਦਾ ਹੈ। ਇਸ ਪ੍ਰਣਾਲੀ ਦੇ ਜ਼ਰੀਏ ਖ਼ਪਤਕਾਰਾਂ ਨੂੰ ਬਿਜਲੀ ਬਿੱਲ, ਪਾਵਰਕੱਟਾਂ ਦੀ ਜਾਣਕਾਰੀ, ਸ਼ਿਕਾਇਤਾਂ ਦੀ ਸਥਿਤੀ, ਸ਼ਿਕਾਇਤਾਂ ਦੇ ਨਿਪਟਾਰੇ ਤੇ ਹੋਰ ਮਹੱਤਵਪੂਰਨ ਸੂਚਨਾਵਾਂ ਸਿੱਧੇ ਤੌਰ ’ਤੇ ਭੇਜੀਆਂ ਜਾਂਦੀਆਂ ਹਨ। ਪਾਵਰਕਾਮ ਦੀਆਂ ਬਹੁਤ ਸਾਰੀਆਂ ਸੇਵਾਵਾਂ ਹੁਣ ਡਿਜ਼ੀਟਲ ਪਲੇਟਫਾਰਮ ਨਾਲ ਜੁੜ ਚੁੱਕੀਆਂ ਹਨ। ਖ਼ਪਤਕਾਰ ਆਨਲਾਈਨ ਸ਼ਿਕਾਇਤ ਦਰਜ ਕਰ ਸਕਦੇ ਹਨ, ਬਿਜਲੀ ਬਿੱਲਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਭੁਗਤਾਨ ਕਰ ਸਕਦੇ ਹਨ ਅਤੇ ਸ਼ਿਕਾਇਤਾਂ ਦੀ ਸਥਿਤੀ ਵੀ ਜਾਣ ਸਕਦੇ ਹਨ।
EDITED BY- HARLEEN KAUR



