
ਲੁਧਿਆਣਾ ਦੇ ਜਗਰਾਉਂ ਅਧੀਨ ਆਉਂਦੇ ਹਠੂਰ ਇਲਾਕੇ ਵਿੱਚ 34 ਸਾਲਾ ਨੌਜਵਾਨ ਦੀ ਰਹੱਸਮਈ ਅਤੇ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਉਰਫ਼ ਹਿੰਦਾ ਵਜੋਂ ਹੋਈ ਹੈ। ਹਰਜਿੰਦਰ ਹਿਮਾਚਲ ਪ੍ਰਦੇਸ਼ ਵਿੱਚ ਨੌਕਰੀ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਕੱਟਣ ਲਈ ਆਪਣੇ ਪਿੰਡ ਆਇਆ ਹੋਇਆ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਹਰਜਿੰਦਰ ਸਿੰਘ ਐਤਵਾਰ ਸ਼ਾਮ ਆਪਣੇ ਇੱਕ ਦੋਸਤ ਨਾਲ ਘਰੋਂ ਬਾਹਰ ਗਿਆ ਸੀ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੂਰੀ ਰਾਤ ਖੋਜ ਕਰਨ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਹਰਜਿੰਦਰ ਦੀ ਲਾਸ਼ ਮਿਲਣ ਦੀ ਖ਼ਬਰ ਆਈ, ਜਿਸ ਨਾਲ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ।
ਹਰਜਿੰਦਰ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਅਤੇ ਤਿੰਨ ਭਰਾਵਾਂ ਨੂੰ ਛੱਡ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਠੂਰ ਦੇ ਐੱਸਐੱਚਓ ਗੁਰਸੇਵਕ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਏਐੱਸਆਈ ਸੁਲਖਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ, ਇਸ ਦੀ ਅਸਲ ਵਜ੍ਹਾ ਜਾਣਨ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।
EDITED BY- HARLEEN KAUR



