
ਅੰਮ੍ਰਿਤਸਰ ਵਿੱਚ ਡੀ.ਸੀ.ਪੀ. ਲਾਅ ਐਂਡ ਆਰਡਰ ਦੇ ਦਫ਼ਤਰ ਵਿੱਚ ਅੱਜ ਅਚਾਨਕ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਡੀ.ਸੀ.ਪੀ. ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਦੇ ਦਫ਼ਤਰ ਵਿੱਚ ਸਥਿਤ ਅਸਲਾ ਸ਼ਾਖਾ ਵਿੱਚ ਇੱਕ ਵਿਅਕਤੀ ਆਪਣੇ ਹਥਿਆਰ ਦੇ ਲਾਇਸੈਂਸ ਦੀ ਜਾਂਚ ਲਈ ਆਇਆ ਹੋਇਆ ਸੀ। ਜਦੋਂ ਉਸ ਦੇ ਲਾਇਸੈਂਸੀ ਪਿਸਤੌਲ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਅਚਾਨਕ ਗੋਲੀ ਚੱਲ ਗਈ।
ਗੋਲੀ ਪਹਿਲਾਂ ਫਰਸ਼ ਨਾਲ ਟਕਰਾਈ ਅਤੇ ਫਿਰ ਰਿਕੋਸ਼ੇਟ ਹੋ ਕੇ ਵਿਅਕਤੀ ਦੇ ਪੱਟ ‘ਚ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
EDITED BY- HARLEEN KAUR




