
ਮਹਿਲਾ ਪੁਲਿਸ ਥਾਣਾ ਪੁਲਿਸ ਲਾਈਨਜ਼ ਸੰਗਰੂਰ ਵਿੱਚ ਤਾਇਨਾਤ ਏਐਸਆਈ (ਲੋਕਲ ਰੈਂਕ) ਕਮਲਜੀਤ ਸਿੰਘ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਨਿਵਾਸੀ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸਦੀ ਪਤਨੀ ਉਸ ਤੋਂ ਵੱਖ ਰਹਿ ਰਹੀ ਸੀ। ਬਾਅਦ ਵਿੱਚ ਉਸਦੀ ਪਤਨੀ ਨੇ ਮਹਿਲਾ ਪੁਲਿਸ ਥਾਣਾ ਸੰਗਰੂਰ ਵਿੱਚ ਸ਼ਿਕਾਇਤਕਰਤਾ, ਉਸਦੇ ਪਿਤਾ ਤੇ ਉਸਦੇ ਭਰਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਮਾਮਲੇ ਦੀ ਜਾਂਚ ਏਐਸਆਈ ਕਮਲਜੀਤ ਸਿੰਘ ਕਰ ਰਿਹਾ ਸੀ। ਦੋਸ਼ ਹੈ ਕਿ ਉਸ ਨੇ ਇਸ ਮਾਮਲੇ ਦਾ ਚਲਾਨ ਸਮਰੱਥ ਅਦਾਲਤ ਵਿੱਚ ਪੇਸ਼ ਕਰਨ ਬਦਲੇ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਏਐਸਆਈ ਨੂੰ ਪਹਿਲਾਂ ਹੀ 3000 ਰੁਪਏ ਦੇ ਚੁੱਕਾ ਸੀ ਅਤੇ ਬਾਕੀ 7000 ਰੁਪਏ ਜਲਦੀ ਦੇਣ ਦਾ ਭਰੋਸਾ ਦਿੱਤਾ ਸੀ। ਰਿਸ਼ਵਤ ਦੀ ਬਾਕੀ ਰਾਸ਼ੀ ਦੇਣ ਲਈ ਸਹਿਮਤੀ ਜਤਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨਾਲ ਸੰਪਰਕ ਕੀਤਾ।




