टॉप न्यूज़

ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ

ਦਿੱਲੀ 'ਚ ਰਾਹੁਲ ਗਾਂਧੀ ਤੇ ਖੜਗੇ ਦੀ ਮੀਟਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ।

ਦਰਅਸਲ, ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਕਿਸੇ ਵੀ ਹਾਲਤ ਵਿੱਚ ਰਾਜਾ ਵੜਿੰਗ ਦੀ ਅਗਵਾਈ ਹੇਠ ਚੋਣ ਲੜਨ ਲਈ ਤਿਆਰ ਨਹੀਂ ਹਨ। ਰੰਧਾਵਾ ਤਾਂ ਇਸ਼ਾਰਿਆਂ ਵਿੱਚ ਉਨ੍ਹਾਂ ਨੂੰ “ਸਮਝੌਤਾਵਾਦੀ ਆਗੂ” ਤੱਕ ਕਹਿ ਚੁੱਕੇ ਹਨ।

ਕਾਂਗਰਸ ਹਾਈਕਮਾਨ ਕੋਲ ਇਹ ਰਿਪੋਰਟ ਵੀ ਪਹੁੰਚੀ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ 23 ਜ਼ਿਲ੍ਹਾ ਪ੍ਰਧਾਨ ਰਾਜਾ ਵੜਿੰਗ ਦੇ ਸਮਰਥਨ ਵਿੱਚ ਹਨ, ਉੱਥੇ ਹੀ 117 ਵਿੱਚੋਂ 90 ਤੋਂ ਵੱਧ ਮੌਜੂਦਾ ਅਤੇ ਸਾਬਕਾ ਵਿਧਾਇਕ ਚੰਨੀ ਦੇ ਹੱਕ ਵਿੱਚ ਦੱਸੇ ਜਾ ਰਹੇ ਹਨ। ਭੂਪੇਸ਼ ਬਘੇਲ ਪਹਿਲਾਂ ਕਹਿ ਚੁੱਕੇ ਹਨ ਕਿ ਹਾਈਕਮਾਨ ਦਾ ਫੈਸਲਾ ਨਹੀਂ ਬਦਲੇਗਾ ਅਤੇ ਰਾਜਾ ਵੜਿੰਗ ਹੀ ਪ੍ਰਧਾਨ ਰਹਿਣਗੇ ਪਰ ਕਾਂਗਰਸ ਇਹ ਵੀ ਜਾਣਦੀ ਹੈ ਕਿ ਚੰਨੀ ਧੜੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਦੇ ਸੰਕੇਤ ‘ਤੇ ਜਾਂ ਪਾਰਟੀ ਦੇ ਹਿੱਤ ਨੂੰ ਦੇਖਦਿਆਂ ਰਾਜਾ ਵੜਿੰਗ ਖੁਦ ਵੀ ਪ੍ਰਧਾਨ ਅਹੁਦਾ ਛੱਡ ਸਕਦੇ ਹਨ। ਹਾਲਾਂਕਿ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਜਾਂ ਸੁਖਜਿੰਦਰ ਸਿੰਘ ਰੰਧਾਵਾ ਵਿੱਚੋਂ ਕਿਸੇ ਨੂੰ ਵੀ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਦੇਵੇਗਾ। ਫਿਲਹਾਲ ਕਾਂਗਰਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।

ਹੁਣ ਸਾਰੀਆਂ ਨਜ਼ਰਾਂ ਰਾਹੁਲ ਗਾਂਧੀ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਉਹ ਰਾਜਾ ਵੜਿੰਗ ਨੂੰ ਪ੍ਰਧਾਨ ਅਹੁਦੇ ਤੋਂ ਹਟਾਉਣਗੇ ਜਾਂ ਚੰਨੀ ਧੜੇ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ, ਇਸ ਬਾਰੇ ਜਲਦੀ ਫੈਸਲਾ ਹੋ ਸਕਦਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!