यूपी

ਪਤਨੀ ਨੇ ਸੱਪ ਤੋਂ ਡੰਗ ਮਰਵਾ ਕੇ ਮਾਰ ‘ਤਾ ਪਤੀ

ਪ੍ਰੇਮੀ ਨਾਲ ਮਿਲ ਕੇ ਬੀਮੇ ਲਈ ਰਚੀ ਮੌਤ ਦੀ ਸਾਜ਼ਿਸ਼

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਹੋਰ ਕਾਤਲ ਪਤਨੀ ਦੀ ਖੌਫਨਾਕ ਕਰਤੂਤ ਸਾਹਮਣੇ ਆਈ ਹੈ। ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਆਪਣੇ ਪਤੀ ਦੀ ਹੱਤਿਆ ਕਰਨ ਲਈ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਤਰੀਕਾ ਲੱਭਿਆ। ਉਸ ਨੇ ਰਾਤ ਸਮੇਂ ਪਤੀ ਨੂੰ ਨੀਂਦ ਦੀ ਦਵਾਈ ਦੀ ਵੱਧ ਮਾਤਰਾ (ਓਵਰਡੋਜ਼) ਦੇ ਦਿੱਤੀ ਅਤੇ ਫਿਰ ਉਸ ਨੂੰ ਸੱਪ ਤੋਂ ਡੰਗ ਮਰਵਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮੁੱਢਲੀ ਜਾਂਚ ਮੁਤਾਬਕ, ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਬੀਮੇ ਦੀ ਰਕਮ ਹਾਸਲ ਕਰਕੇ ਪ੍ਰੇਮੀ ਨਾਲ ਆਰਾਮਦਾਇਕ ਜ਼ਿੰਦਗੀ ਬਿਤਾਉਣ ਦੀ ਯੋਜਨਾ ਸੀ। ਪਰ ਮੇਰਠ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਇਸ ਕਤਲ ਦੀ ਗੁੱਥੀ ਸੁਲਝਾ ਲਈ ਅਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਅਤੁਲ ਅਤੇ ਦਾਮਿਨੀ ਨੇ 7 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਦੋਵੇਂ ਮਿਲ ਕੇ ਕ੍ਰਿਸ਼ਨਾ ਕਿਡਜ਼ ਸਕੂਲ ਨਾਂ ਦਾ ਇੱਕ ਪਲੇ ਸਕੂਲ ਚਲਾਉਂਦੇ ਸਨ। ਇਸੇ ਦੌਰਾਨ ਤੁਸ਼ਾਰ ਨਾਂ ਦੇ ਇੱਕ ਵਿਅਕਤੀ ਦੀ ਦਾਮਿਨੀ ਦੀ ਜ਼ਿੰਦਗੀ ਵਿੱਚ ਐਂਟਰੀ ਹੋਈ ਅਤੇ ਦੋਵਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਤੁਸ਼ਾਰ ਇਸੇ ਪਲੇ ਸਕੂਲ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ।
ਦਾਮਿਨੀ ਨੇ ਆਪਣੇ ਪ੍ਰੇਮੀ ਤੁਸ਼ਾਰ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਅਤੁਲ ਦਾ 20 ਲੱਖ ਰੁਪਏ ਦਾ ਜੀਵਨ ਬੀਮਾ ਸੀ, ਜਿਸ ਦੀ ਰਕਮ ਹਾਸਲ ਕਰਨ ਲਈ ਦੋਵਾਂ ਨੇ ਇਸ ਨੂੰ ਕੁਦਰਤੀ ਮੌਤ ਵਾਂਗ ਦਿਖਾਉਣ ਦੀ ਯੋਜਨਾ ਬਣਾਈ।
ਹੱਤਿਆ ਨੂੰ ਅੰਜਾਮ ਦੇਣ ਲਈ ਤੁਸ਼ਾਰ ਨੇ ਦੋ ਸਪੇਰਿਆਂ ਨਾਲ ਸੰਪਰਕ ਕੀਤਾ। ਉੱਧਰ ਦਾਮਿਨੀ ਨੇ ਅਤੁਲ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ, ਜਿਸ ਕਾਰਨ ਉਹ ਗੂੜ੍ਹੀ ਨੀਂਦ ਵਿੱਚ ਸੌਂ ਗਿਆ। ਰਾਤ ਨੂੰ ਉਸ ਦੀ ਚਾਦਰ ਵਿੱਚ ਸੱਪ ਛੱਡ ਦਿੱਤਾ ਗਿਆ, ਜਿਸ ਨੇ ਡੰਗ ਮਾਰ ਦਿੱਤਾ ਅਤੇ ਅਤੁਲ ਦੀ ਮੌਤ ਹੋ ਗਈ।
ਜਦੋਂ ਪੁਲਿਸ ਨੇ ਦਾਮਿਨੀ ਅਤੇ ਤੁਸ਼ਾਰ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਦੋਵੇਂ ਆਪਸ ਵਿੱਚ ਘੰਟਿਆਂ ਤੱਕ ਗੱਲਬਾਤ ਕਰਦੇ ਸਨ। ਇਸ ਤੋਂ ਇਲਾਵਾ, ਤੁਸ਼ਾਰ ਦੇ ਫੋਨ ਵਿੱਚ ਇੱਕ ਡੱਬੇ ਅੰਦਰ ਰੱਖੇ ਸੱਪ ਦੀ ਤਸਵੀਰ ਵੀ ਮਿਲੀ।
ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਪੂਰੀ ਸਾਜ਼ਿਸ਼ ਅਤੇ ਕਤਲ ਦੀ ਵਾਰਦਾਤ ਕਬੂਲ ਕਰ ਲਈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!