
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੀ ਲੰਬਿਤ ਰਹਿਮ ਦੀ ਅਪੀਲ ਅਤੇ ਕੇਸ ਵਿੱਚ ਹੋ ਰਹੀ ਦੇਰੀ ‘ਤੇ ਸਵਾਲ ਉਠਾਏ ਹਨ।
ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ 31 ਮਾਰਚ 2012 ਨੂੰ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਫਾਂਸੀ ਲਈ ਡੈਥ ਵਾਰੰਟ ਵੀ ਜਾਰੀ ਕੀਤਾ ਸੀ। ਰਾਜੋਆਣਾ ਅਨੁਸਾਰ, ਉਨ੍ਹਾਂ ਨੇ ਆਪਣਾ ਸੰਘਰਸ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਸੀ।
ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਉਨ੍ਹਾਂ ਦੇ ਕੇਸ ਦੀ ਪੈਰਵੀ ਕਰ ਰਹੀ ਹੈ, ਪਰ ਉਨ੍ਹਾਂ ਦੀ ਅਪੀਲ ‘ਤੇ ਪਿਛਲੇ 15 ਸਾਲਾਂ ਤੋਂ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਨੇ ਇਸ ਨੂੰ ਸਿੱਖ ਸੰਸਥਾਵਾਂ ਦਾ ਅਪਮਾਨ ਦੱਸਦਿਆਂ ਅਪੀਲ ਵਾਪਸ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।
ਰਾਜੋਆਣਾ ਨੇ ਸਵਾਲ ਉਠਾਇਆ ਕਿ ਆਖਰ ਕਿਹੜਾ ਸਿੱਖ ਸਿਧਾਂਤ ਜਾਂ ਪਰੰਪਰਾ ਉਨ੍ਹਾਂ ਨੂੰ ਇੰਨੇ ਲੰਬੇ ਸਮੇਂ ਤੱਕ ਸਰਕਾਰ ਦੇ ਸਾਹਮਣੇ ਅਪੀਲ ਲੰਬਿਤ ਰੱਖਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 31 ਸਾਲ ਪਹਿਲਾਂ ਅਦਾਲਤ ਵਿੱਚ ਸੱਚ ਬੋਲ ਕੇ ਆਪਣੇ ਕੀਤੇ ਕੰਮ ਨੂੰ ਸਵੀਕਾਰ ਕੀਤਾ ਸੀ, ਪਰ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੇ ਮਾਮਲੇ ਵਿੱਚ ਅੰਤਿਮ ਫੈਸਲਾ ਨਹੀਂ ਹੋਇਆ।
ਉਨ੍ਹਾਂ ਨੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਭਾਜਪਾ ਦੇ ਪ੍ਰਮੁੱਖ ਸਿੱਖ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਇਹ ਪੁੱਛਿਆ ਜਾਵੇ ਕਿ ਛੇ ਮਹੀਨਿਆਂ ਵਿੱਚ ਹੋਣ ਵਾਲਾ ਫੈਸਲਾ 15 ਸਾਲ ਬਾਅਦ ਵੀ ਲੰਬਿਤ ਕਿਉਂ ਹੈ। ਉਨ੍ਹਾਂ ਨੇ 2019 ਵਿੱਚ ਜਾਰੀ ਨੋਟੀਫਿਕੇਸ਼ਨ ਨੂੰ ਹੁਣ ਤੱਕ ਲਾਗੂ ਨਾ ਕੀਤੇ ਜਾਣ ਅਤੇ ਪੰਜ ਮੈਂਬਰੀ ਕਮੇਟੀ ਨੂੰ ਮੁਲਾਕਾਤ ਦਾ ਸਮਾਂ ਨਾ ਦਿੱਤੇ ਜਾਣ ‘ਤੇ ਵੀ ਸਵਾਲ ਉਠਾਏ ਹਨ।
ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਠੋਸ ਅਤੇ ਜਲਦ ਫੈਸਲਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਦੀਆਂ ਚਿੱਠੀਆਂ ਦਾ ਵੀ ਸੁਪਰੀਮ ਕੋਰਟ ਵਿੱਚ ਪਈਆਂ 41 ਤਾਰੀਖਾਂ ਵਾਂਗ ਇਤਿਹਾਸ ਨਾ ਬਣ ਜਾਵੇ।
EDITED BY- HARLEEN KAUR




