ਫਰੀਦਕੋਟ ‘ਚ 15 ਅਗਸਤ ਤੱਕ ਸਪਰੇਅ ਪੇਂਟ ਅਤੇ ਗਨ ਪੇਂਟ ਵੇਚਣ ‘ਤੇ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਫ਼ਰੀਦਕੋਟ, ਮੈਡਮ ਪੂਨਮਦੀਪ ਕੌਰ ਨੇ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਜ਼ਿਲ੍ਹੇ ਦੀ ਹੱਦ ਵਿੱਚ ਸਾਰੇ ਪੇਂਟ ਸਟੋਰਾਂ ਨੂੰ ਸਪਰੇਅ ਪੇਂਟ ਅਤੇ ਗਨ ਪੇਂਟ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 15 ਅਗਸਤ 2025 ਤੱਕ ਲਾਗੂ ਰਹੇਗੀ। ਇਹ ਫੈਸਲਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਲਏ ਅਧਿਕਾਰਾਂ ਦੀ ਵਰਤੋਂ ਕਰਕੇ ਕੀਤਾ ਗਿਆ ਹੈ। ਇਹ ਪਾਬੰਦੀ ਇਸ ਲਈ ਲਾਈ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਤੱਤ ਸਪਰੇਅ ਜਾਂ ਗਨ ਪੇਂਟ ਦੀ ਵਰਤੋਂ ਕਰਕੇ ਗੱਲਾਂ-ਕਲੋਹੀਆਂ ਜਾ ਇਤਰਾਜ਼ਯੋਗ ਲਿਖਤਾਂ ਨਾ ਲਿਖ ਸਕੇ, ਜੋ ਅਮਨ-ਕਨੂੰਨ ਲਈ ਖ਼ਤਰਾ ਬਣ ਸਕਦੀਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 15 ਅਗਸਤ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਫਰੀਦਕੋਟ ਵਿਖੇ ਹੋਣ ਵਾਲੇ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਆ ਰਹੇ ਹਨ। ਇਸ ਲਈ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਕਨੂੰਨੀ ਹਾਲਾਤ ਨੂੰ ਬਣਾਈ ਰੱਖਣ ਲਈ ਇਹ ਪਹਿਲ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਸਾਰੇ ਪੇਂਟ ਸਟੋਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੇ ਵੀ ਹੁਕਮ ਦੀ ਉਲੰਘਣਾ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਆਜ਼ਾਦੀ ਦਿਵਸ ਦੇ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਮਨਾਏ ਜਾ ਸਕਣ।




