ਪੰਜਾਬ ‘ਚ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਕੂਮਕਲਾਂ ਪੁਲਿਸ ਸਟੇਸ਼ਨ ਲੁਧਿਆਣਾ ਵਿੱਚ ਤਾਇਨਾਤ ਏਐਸਆਈ ਜਗਜੀਵਨ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਅਧਿਕਾਰੀ ਨੂੰ ਲੁਧਿਆਣਾ ਦੇ ਰਾਹੋਂ ਰੋਡ ਸਥਿਤ ਸੁਰਜੀਤ ਕਲੋਨੀ ਦੇ ਇੱਕ ਨਿਵਾਸੀ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਦਰਜ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਵਿਰੁੱਧ ਕੂਮਕਲਾਂ ਪੁਲਿਸ ਸਟੇਸ਼ਨ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਸੀ। ਏਐਸਆਈ ਜਗਜੀਵਨ ਸਿੰਘ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸਨ। ਜਦੋਂ ਸ਼ਿਕਾਇਤਕਰਤਾ ਮਾਮਲੇ ਸੰਬੰਧੀ ਦੋਸ਼ੀ ਅਧਿਕਾਰੀ ਨਾਲ ਮਿਲਿਆ, ਤਾਂ ਉਸਨੇ ਜ਼ਮਾਨਤ ਦਿਵਾਉਣ ਵਿੱਚ ਮਦਦ ਕਰਨ ਦੇ ਬਦਲੇ 10,000 ਰੁਪਏ ਦੀ ਰਿਸ਼ਵਤ ਮੰਗੀ ਅਤੇ ਪ੍ਰਾਪਤ ਕੀਤੀ।
ਦੋਸ਼ੀ ਏਐਸਆਈ ਨੇ ਫਿਰ ਸ਼ਿਕਾਇਤਕਰਤਾ ਨੂੰ ਦੁਬਾਰਾ ਬੁਲਾਇਆ ਅਤੇ 10,000 ਰੁਪਏ ਦੀ ਵਾਧੂ ਮੰਗ ਕੀਤੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ, ਲੁਧਿਆਣਾ ਨਾਲ ਸੰਪਰਕ ਕੀਤਾ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਇਆਂ ਬਿਊਰੋ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੋਸ਼ੀ ਏਐਸਆਈ ਜਗਜੀਵਨ ਸਿੰਘ ਨੂੰ ਸ਼ਿਕਾਇਤਕਰਤਾ ਤੋਂ 10,000 ਰੁਪਏ ਲੈਂਦਿਆਂ ਹੋਇਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
EDITED BY- HARLEEN KAUR




