
ਕਪੂਰਥਲਾ ਦੇ ਪਿੰਡ ਮੱਲੂ ਕਾਦਰਾਬਾਦ ਵਿੱਚ ਘਰੇਲੂ ਵਿਵਾਦ ਤੋਂ ਬਾਅਦ ਕੀਟਨਾਸ਼ਕ ਦਵਾਈ ਪੀਣ ਦੇ ਮਾਮਲੇ ਵਿੱਚ ਮਾਂ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਛੋਟੀ ਧੀ ਖੁਸ਼ੀ ਦੀ ਮੌਤ ਹੋ ਗਈ ਸੀ, ਜਦਕਿ ਬੁੱਧਵਾਰ ਨੂੰ ਇਲਾਜ ਦੌਰਾਨ ਮਾਂ ਸੰਤੋਸ਼ ਦੇਵੀ ਅਤੇ ਵੱਡੀ ਧੀ ਅਮ੍ਰਿਤਾ ਨੇ ਵੀ ਦਮ ਤੋੜ ਦਿੱਤਾ। ਥਾਣਾ ਸਦਰ ਦੇ ਐੱਸਐੱਚਓ ਰਣਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਿੰਨਾਂ ਦੀਆਂ ਲਾਸ਼ਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੀ ਰਹਿਣ ਵਾਲੀ ਸੰਤੋਸ਼ ਦੇਵੀ ਨੇ ਆਪਣੇ ਤਿੰਨ ਬੱਚਿਆਂ ਨਾਲ ਮਿਲ ਕੇ ਕਥਿਤ ਤੌਰ ‘ਤੇ ਜ਼ਹਿਰੀਲਾ ਕੀਟਨਾਸ਼ਕ ਪੀ ਲਿਆ ਸੀ। ਸਾਰਿਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਛੋਟੀ ਧੀ ਖੁਸ਼ੀ ਦੀ ਮੌਤ ਹੋ ਗਈ। ਮਾਂ ਸੰਤੋਸ਼ ਦੇਵੀ ਅਤੇ ਉਸ ਦੀ 8 ਸਾਲਾ ਵੱਡੀ ਧੀ ਅਮ੍ਰਿਤਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ।




