टॉप न्यूज़

Mohali ਚ ਮਾਂ ਵੱਲੋਂ ਬੱਚਿਆਂ ਨੂੰ ਨਹਿਰ ‘ਚ ਸੁੱਟਣ ਦਾ ਮਾਮਲਾ

ਅੰਤਿਮ ਸਸਕਾਰ ਮੌਕੇ ਮਾਂ ਨੂੰ ਨਹੀਂ ਦੇਖਣ ਦਿੱਤਾ ਮੂੰਹ

ਮੋਹਾਲੀ ‘ਚ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮਾਂ ਸ਼ਕੁੰਤਲਾ ਨੂੰ ਬੱਚਿਆਂ ਦੇ ਅੰਤਿਮ ਸਸਕਾਰ ਦੌਰਾਨ ਉਨ੍ਹਾਂ ਦਾ ਚਿਹਰਾ ਵੀ ਨਹੀਂ ਵੇਖਣ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿਸ ਨੇ ਬੱਚਿਆਂ ਦੀ ਜਾਨ ਲਈ ਹੈ, ਉਸ ਨੂੰ ਉਨ੍ਹਾਂ ਦਾ ਚਿਹਰਾ ਵੇਖਣ ਦਾ ਕੋਈ ਹੱਕ ਨਹੀਂ। ਸ਼ਕੁੰਤਲਾ ਆਪਣੇ ਭਰਾ ਅਤੇ ਭਾਬੀ ਨਾਲ ਆਟੋ ਰਾਹੀਂ ਸ਼ਮਸ਼ਾਨ ਘਾਟ ਪਹੁੰਚੀ ਸੀ।

ਜਦੋਂ ਉਸ ਨੂੰ ਬੱਚਿਆਂ ਦਾ ਚਿਹਰਾ ਵੇਖਣ ਤੋਂ ਰੋਕਿਆ ਗਿਆ ਤਾਂ ਸ਼ਕੁੰਤਲਾ ਨੇ ਕਿਹਾ, “ਮੈਂ ਕਿਹੜੀ ਗਲਤੀ ਕੀਤੀ ਹੈ? ਮੈਂ ਤਾਂ ਖੁਦ ਵੀ ਬੱਚਿਆਂ ਨਾਲ ਹੀ ਨਹਿਰ ਵਿੱਚ ਛਾਲ ਮਾਰੀ ਸੀ। ਉੱਥੇ ਮੌਜੂਦ ਲੋਕਾਂ ਨੇ ਮੈਨੂੰ ਦੇਖ ਲਿਆ ਅਤੇ ਤੁਰੰਤ ਨਹਿਰ ਵਿੱਚੋਂ ਬਾਹਰ ਕੱਢ ਲਿਆ, ਇਸ ਲਈ ਮੈਂ ਬਚ ਗਈ।”

ਸ਼ਕੁੰਤਲਾ ਨੇ ਆਰੋਪ ਲਾਇਆ ਕਿ ਪਤੀ ਕਮਲ ਦੀ ਮੌਤ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਸੀ ਅਤੇ ਉਸ ਨਾਲ ਮਾਰਕੁੱਟ ਕਰਦੇ ਸਨ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੀ ਸਮੱਸਿਆ ਲਈ ਕਈ ਲੋਕਾਂ ਤੋਂ ਮਦਦ ਮੰਗੀ, ਇੱਥੋਂ ਤੱਕ ਕਿ ਪਿੰਡ ਦੇ ਪ੍ਰਧਾਨ ਕੋਲ ਵੀ ਗਈ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।

ਸੂਚਨਾ ਮਿਲਣ ‘ਤੇ ਮੋਹਾਲੀ ਪੁਲਿਸ ਰੂਪਨਗਰ ਪਹੁੰਚੀ। ਮਹਿਲਾ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ, ਜਦਕਿ ਗੋਤਾਖੋਰਾਂ ਦੀ ਮਦਦ ਨਾਲ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰਕੇ ਮੋਹਾਲੀ ਲਿਆਂਦੀਆਂ ਗਈਆਂ। ਮੰਗਲਵਾਰ ਨੂੰ ਪੁਲਿਸ ਨੇ ਮਹਿਲਾ ਤੋਂ ਪੁੱਛਗਿੱਛ ਕੀਤੀ। ਉਸ ਦੀ ਨਿਸ਼ਾਨਦੇਹੀ ‘ਤੇ ਤੀਜੇ ਬੱਚੇ ਦੀ ਨਹਿਰ ਵਿੱਚ ਭਾਲ ਕੀਤੀ ਗਈ ਪਰ ਅਜੇ ਤੱਕ ਉਸ ਦੀ ਲਾਸ਼ ਨਹੀਂ ਮਿਲੀ।

ਬੁੱਧਵਾਰ ਨੂੰ ਪਿੰਡ ਮਟੌਰ ਵਿੱਚ ਦੋਵੇਂ ਬੱਚਿਆਂ ਦਾ ਅੰਤਿਮ ਸਸਕਾਰ ਕੀਤਾ ਗਿਆ। ਜਦੋਂ ਸ਼ਕੁੰਤਲਾ ਉੱਥੇ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੱਚਿਆਂ ਦਾ ਚਿਹਰਾ ਵੀ ਨਹੀਂ ਵੇਖਣ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਨੇ ਇਹ ਘਟਨਾ ਕੀਤੀ ਹੈ, ਉਸ ਨੂੰ ਇਹ ਹੱਕ ਨਹੀਂ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!