
ਫਗਵਾੜਾ ਦੇ ਬੱਸ ਸਟੈਂਡ ਤੋਂ ਤੜਕੇ ਇੱਕ ਨਿੱਜੀ ਬੱਸ ਚੋਰੀ ਹੋਣ ਦੀ ਘਟਨਾ ਨੇ ਹਲਚਲ ਮਚਾ ਦਿੱਤੀ। ਅਣਪਛਾਤਾ ਵਿਅਕਤੀ ਬੱਸ ਸਟੈਂਡ ਤੋਂ ਬੱਸ ਲੈ ਕੇ ਫ਼ਰਾਰ ਹੋ ਗਿਆ ਅਤੇ ਭੱਜਣ ਦੌਰਾਨ ਉੱਥੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰਾਂ ਮਾਰ ਦਿੱਤੀਆਂ। ਘਟਨਾ ਦਾ ਖੁਲਾਸਾ ਸਵੇਰੇ ਉਸ ਸਮੇਂ ਹੋਇਆ, ਜਦੋਂ ਬੱਸ ਦਾ ਕੰਡਕਟਰ ਡਿਊਟੀ ਲਈ ਬੱਸ ਸਟੈਂਡ ਪਹੁੰਚਿਆ।
ਜਾਣਕਾਰੀ ਮੁਤਾਬਕ ਪੀਲੇ ਰੰਗ ਦੀ ‘ਗੁਰੂ ਹਰਿਗੋਬਿੰਦ’ ਨਾਮ ਦੀ ਨਿੱਜੀ ਬੱਸ, ਜਿਸ ਦਾ ਨੰਬਰ PB 10 DH 5157 ਹੈ, ਨੂੰ ਕੰਡਕਟਰ ਪਵਨ ਕੁਮਾਰ ਨੇ ਰਾਤ ਕਰੀਬ ਸਾਢੇ 8 ਵਜੇ ਲਾਕ ਕਰਕੇ ਖੜ੍ਹਾ ਕੀਤਾ ਸੀ। ਇਸ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ। ਬੱਸ ਦਾ ਡਰਾਈਵਰ ਵੀ ਘਟਨਾ ਸਮੇਂ ਘਰ ਵਿੱਚ ਹੀ ਮੌਜੂਦ ਸੀ, ਜਿਸ ਕਾਰਨ ਬੱਸ ਕਿਸੇ ਡਰਾਈਵਰ ਵੱਲੋਂ ਲਿਜਾਣ ਦਾ ਸਵਾਲ ਹੀ ਨਹੀਂ ਸੀ।
ਦੱਸਿਆ ਜਾ ਰਿਹਾ ਹੈ ਕਿ ਤੜਕੇ ਕਰੀਬ 4 ਵਜੇ ਤੋਂ 4:15 ਵਜੇ ਦੇ ਵਿਚਕਾਰ ਅਣਪਛਾਤਾ ਵਿਅਕਤੀ ਬੱਸ ਸਟੈਂਡ ਵਿੱਚ ਦਾਖ਼ਲ ਹੋਇਆ ਅਤੇ ਬੱਸ ਨੂੰ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਉਸ ਨੇ ਬੱਸ ਸਟੈਂਡ ਤੋਂ ਨਿਕਲਦੇ ਸਮੇਂ ਹੋਰ ਬੱਸਾਂ ਨੂੰ ਟੱਕਰਾਂ ਮਾਰੀਆਂ, ਜਿਸ ਕਾਰਨ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਘਟਨਾ ਤੋਂ ਬਾਅਦ ਬੱਸ ਸਟੈਂਡ ’ਤੇ ਮੌਜੂਦ ਲੋਕਾਂ ਵਿੱਚ ਵੀ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਬੱਸ ਚੋਰੀ ਹੋਣ ਦਾ ਪਤਾ ਕਰੀਬ 4:40 ਵਜੇ ਲੱਗਾ, ਜਦੋਂ ਕੰਡਕਟਰ ਪਵਨ ਕੁਮਾਰ ਬੱਸ ਸਟੈਂਡ ਪਹੁੰਚਿਆ। ਉੱਥੇ ਹੋਰ ਬੱਸ ਚਾਲਕਾਂ ਨੇ ਉਸ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਬੱਸ ਦਾ ਸ਼ੀਸ਼ਾ ਤੋੜਿਆ ਅਤੇ ਤੇਜ਼ ਰਫ਼ਤਾਰ ਨਾਲ ਇੱਕ ਬੱਸ ਲੈ ਕੇ ਮੌਕੇ ਤੋਂ ਨਿਕਲ ਗਿਆ। ਇਸ ਤੋਂ ਬਾਅਦ ਕੰਡਕਟਰ ਨੇ ਬੱਸ ਦੇ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਪੁਸ਼ਟੀ ਕੀਤੀ ਕਿ ਉਹ ਘਰ ਵਿੱਚ ਹੀ ਹੈ।
ਮਾਮਲਾ ਹੋਰ ਵੀ ਦਿਲਚਸਪ ਉਸ ਸਮੇਂ ਬਣ ਗਿਆ, ਜਦੋਂ ਇੱਕ ਹੋਰ ਬੱਸ ਚਾਲਕ ਨੇ ਸ਼ੱਕੀ ਵਿਅਕਤੀ ਨੂੰ ਬੱਸ ਲੈ ਕੇ ਜਾਂਦੇ ਹੋਏ ਦੇਖ ਲਿਆ। ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨੰਗੇ ਪੈਰ ਹੀ ਬੱਸ ਦੇ ਪਿੱਛੇ ਦੌੜ ਪਿਆ। ਹਾਲਾਂਕਿ ਬੱਸ ਚਲਾ ਰਹੇ ਵਿਅਕਤੀ ਨੇ ਰਫ਼ਤਾਰ ਵਧਾ ਦਿੱਤੀ ਅਤੇ ਰਸਤੇ ਵਿੱਚ ਇੱਕ ਹੋਰ ਬੱਸ ਨੂੰ ਟੱਕਰ ਮਾਰਨ ਤੋਂ ਬਾਅਦ ਉੱਥੋਂ ਵੀ ਫ਼ਰਾਰ ਹੋ ਗਿਆ।
ਘਟਨਾ ਤੋਂ ਬਾਅਦ ਬੱਸ ਮਾਲਕ ਮਿੰਟੂ ਅਤੇ ਕੰਡਕਟਰ ਪਵਨ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਵੱਲੋਂ ਚੋਰੀ ਕੀਤੀ ਗਈ ਬੱਸ ਦੀਆਂ ਤਸਵੀਰਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਵੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਬੱਸ ਦੀ ਭਾਲ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਪੜਤਾਲ ਤੇਜ਼ ਕਰ ਦਿੱਤੀ ਹੈ।
ਪੁਲਿਸ ਵੱਲੋਂ ਫਗਵਾੜਾ ਫਲਾਈਓਵਰ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਬੱਸ ਲੈ ਕੇ ਫ਼ਰਾਰ ਹੋਏ ਵਿਅਕਤੀ ਦੀ ਪਛਾਣ ਹੋ ਸਕੇ ਅਤੇ ਉਸ ਦਾ ਰੂਟ ਪਤਾ ਲਗਾਇਆ ਜਾ ਸਕੇ। ਜਾਂਚ ਅਧਿਕਾਰੀ ਬੱਸ ਦੇ ਆਉਣ-ਜਾਣ ਵਾਲੇ ਸੰਭਾਵਿਤ ਰਸਤਿਆਂ ਦੀ ਵੀ ਜਾਂਚ ਕਰ ਰਹੇ ਹਨ।
ਉੱਧਰ ਬੱਸ ਮਾਲਕ ਅਤੇ ਕੰਡਕਟਰ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਚੋਰੀ ਕੀਤੀ ਗਈ ਬੱਸ ਦੀ ਵਰਤੋਂ ਕਿਸੇ ਹੋਰ ਅਪਰਾਧਿਕ ਵਾਰਦਾਤ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਬੱਸ ਨੂੰ ਜਲਦ ਤੋਂ ਜਲਦ ਬਰਾਮਦ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਜਾਵੇ। ਫਿਲਹਾਲ ਪੁਲਿਸ ਦੀ ਜਾਂਚ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਅੱਗੇ ਵਧ ਰਹੀ ਹੈ।
EDITED BY- HARLEEN KAUR




