ਮੱਧ ਪ੍ਰਦੇਸ਼ ਦੇ ਸਾਗਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਟੋ ਚਾਲਕ ਦੇ ਘਰੋਂ ਨੋਟਾਂ ਨਾਲ ਭਰੇ ਬੈਗ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਕਰੀਬ 3 ਕਰੋੜ ਰੁਪਏ ਬਰਾਮਦ ਹੋ ਚੁੱਕੇ ਹਨ।
ਗੋਪਾਲਗੰਜ ਥਾਣਾ ਪੁਲਿਸ ਨੂੰ ਇੱਕ ਮਕਾਨ ਵਿੱਚ ਹਥਿਆਰ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਐਤਵਾਰ ਸਵੇਰੇ ਉੱਥੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਹਥਿਆਰ ਤਾਂ ਨਹੀਂ ਮਿਲਿਆ, ਪਰ ਮਕਾਨ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਨੋਟਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਪੁਲਿਸ ਨੂੰ ਮੌਕੇ ’ਤੇ ਹੀ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ।
ਮੌਕੇ ’ਤੇ ਰੈਵੇਨਿਊ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ। ਕਰੀਬ 5 ਘੰਟਿਆਂ ਤੱਕ ਚੱਲੀ ਗਿਣਤੀ ਤੋਂ ਬਾਅਦ ਪੁਲਿਸ ਨੇ ਕੁੱਲ ਰਕਮ ਕਰੀਬ 3 ਕਰੋੜ ਰੁਪਏ ਦੱਸੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਭੋਪਾਲ ਵਿੱਚ ਤਾਇਨਾਤ ਇੱਕ ਸਰਕਾਰੀ ਇੰਜੀਨੀਅਰ ਅਤੇ ਉਸਦੇ ਰਿਸ਼ਤੇਦਾਰ ਦਾ ਹੈ। ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੂੰ ਸੋਸ਼ਲ ਮੀਡੀਆ ’ਤੇ ਇੱਕ ਨੌਜਵਾਨ ਦੀ ਬੰਦੂਕ ਨਾਲ ਫੋਟੋ ਪਾਉਣ ਅਤੇ ਉਸਦਾ ਪ੍ਰਦਰਸ਼ਨ ਕਰਨ ਦੀ ਸੂਚਨਾ ਮਿਲੀ ਸੀ। ਇਸੇ ਆਧਾਰ ’ਤੇ ਪੁਲਿਸ ਨੇ ਸੌਰਭ ਪਿਤਾ ਰਾਜੇਸ਼ ਅਹਿਰਵਾਰ ਦੇ ਮਕਾਨ ’ਤੇ ਕਾਰਵਾਈ ਕੀਤੀ। ਤਲਾਸ਼ੀ ਦੌਰਾਨ ਕੋਈ ਹਥਿਆਰ ਨਹੀਂ ਮਿਲਿਆ, ਪਰ ਕਰੀਬ 3 ਕਰੋੜ ਰੁਪਏ ਦੀ ਨਕਦੀ ਮਿਲਣ ਕਾਰਨ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ।
ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਮੌਕੇ ’ਤੇ ਪੁਲਿਸ ਅਤੇ ਰੈਵੇਨਿਊ ਵਿਭਾਗ ਦੀ ਟੀਮ ਨੇ ਨੋਟਾਂ ਦੀ ਗਿਣਤੀ ਸ਼ੁਰੂ ਕੀਤੀ। ਕਰੀਬ 5 ਘੰਟਿਆਂ ਬਾਅਦ ਕੁੱਲ ਰਕਮ 3 ਕਰੋੜ ਰੁਪਏ ਹੋਣ ਦੀ ਜਾਣਕਾਰੀ ਸਾਹਮਣੇ ਆਈ। ਪੁਲਿਸ ਹੁਣ ਨਕਦੀ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਇਸ ਪੈਸੇ ਦੇ ਸਰੋਤ ਦੀ ਵੀ ਜਾਂਚ ਕਰ ਰਹੀ ਹੈ। ਇਨਕਮ ਟੈਕਸ ਵਿਭਾਗ ਨੂੰ ਵੀ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ।
ਨਕਦੀ ਮਿਲਣ ਤੋਂ ਬਾਅਦ ਪੁਲਿਸ ਨੇ ਮਕਾਨ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਇਹ ਪੈਸਾ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦਾ ਹੈ, ਜੋ ਭੋਪਾਲ ਵਿੱਚ ਇੰਜੀਨੀਅਰ ਹੈ। ਹਾਲਾਂਕਿ ਇੰਨੀ ਵੱਡੀ ਰਕਮ ਕਿੱਥੋਂ ਆਈ ਅਤੇ ਇਸ ਨੂੰ ਮਕਾਨ ਵਿੱਚ ਕਿਉਂ ਰੱਖਿਆ ਗਿਆ ਸੀ, ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੌਰਭ ਅਹਿਰਵਾਰ ਅਤੇ ਅੰਕਿਤ ਅਹਿਰਵਾਰ ਤੋਂ ਪੁੱਛਗਿੱਛ ਕਰ ਰਹੀ ਹੈ। ਮਾਮਲੇ ਦੀ ਖ਼ਬਰ ਸੁਣ ਕੇ ਆਸ-ਪਾਸ ਦੇ ਲੋਕ ਵੀ ਹੈਰਾਨ ਹਨ।
EDITED BY- HARLEEN KAUR
