ਜਾਣੋ ਪੇਟ ‘ਚੋਂ ਕਿਉਂ ਆਉਂਦੀ ਹੈ ਗੁੜਗੁੜ ਦੀ ਆਵਾਜ਼ ?

ਪੇਟ ਵਿੱਚੋਂ ਗੁੜਗੁੜ (Stomach Sounds ) ਜਾਂ ਘੁਰ-ਘੁਰ ਦੀ ਆਵਾਜ਼ ਆਉਣਾ ਆਮ ਗੱਲ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕਿਸੇ ਬਿਮਾਰੀ ਦਾ ਸੰਕੇਤ ਨਹੀਂ ਹੁੰਦੀ। ਦਰਅਸਲ, ਜਦੋਂ ਸਾਡਾ ਖਾਣਾ ਪਚ ਰਿਹਾ ਹੁੰਦਾ ਹੈ ਤਾਂ ਆਂਤਾਂ ਵਿੱਚ ਗੈਸ ਅਤੇ ਤਰਲ ਪਦਾਰਥ ਲਗਾਤਾਰ ਹਿਲਦੇ-ਡੁੱਲਦੇ ਰਹਿੰਦੇ ਹਨ। ਇਨ੍ਹਾਂ ਦੀ ਹਿਲਜੁਲ ਕਾਰਨ ਪੇਟ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ।
ਖਾਲੀ ਪੇਟ ਹੋਣ ‘ਤੇ ਇਹ ਆਵਾਜ਼ ਹੋਰ ਜ਼ਿਆਦਾ ਸੁਣਾਈ ਦੇ ਸਕਦੀ ਹੈ। ਇਸੇ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਵੀ ਪਾਚਨ ਪ੍ਰਕਿਰਿਆ ਦੌਰਾਨ ਪੇਟ ਵਿੱਚ ਗੁੜਗੁੜ ਹੋ ਸਕਦੀ ਹੈ।
ਜਲਦੀ-ਜਲਦੀ ਖਾਣਾ ਵੀ ਹੋ ਸਕਦਾ ਹੈ ਕਾਰਨ
ਜੇ ਤੁਸੀਂ ਬਹੁਤ ਤੇਜ਼ੀ ਨਾਲ ਖਾਣਾ ਖਾਂਦੇ ਹੋ ਤਾਂ ਇਸ ਦੌਰਾਨ ਜ਼ਿਆਦਾ ਹਵਾ ਪੇਟ ਵਿੱਚ ਚਲੀ ਜਾਂਦੀ ਹੈ। ਇਸ ਨਾਲ ਗੈਸ ਬਣ ਸਕਦੀ ਹੈ ਅਤੇ ਪੇਟ ਵਿੱਚੋਂ ਆਵਾਜ਼ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਵੀ ਪੇਟ ਵਿੱਚ ਗੈਸ ਅਤੇ ਗੁੜਗੁੜ ਦੀ ਆਵਾਜ਼ ਵਧ ਸਕਦੀ ਹੈ।
ਸਿਰਫ਼ ਪੇਟ ਵਿੱਚੋਂ ਗੁੜਗੁੜ ਦੀ ਆਵਾਜ਼ ਆਉਣਾ ਆਮ ਤੌਰ ‘ਤੇ ਚਿੰਤਾ ਦੀ ਗੱਲ ਨਹੀਂ ਹੈ। ਪਰ ਜੇ ਇਸ ਦੇ ਨਾਲ ਤੇਜ਼ ਪੇਟ ਦਰਦ, ਉਲਟੀ, ਲਗਾਤਾਰ ਪਰੇਸ਼ਾਨੀ, ਪੇਟ ਫੁੱਲਣਾ ਜਾਂ ਹੋਰ ਅਸਧਾਰਨ ਲੱਛਣ ਵੀ ਹੋਣ ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
EDITED BY- HARLEEN KAUR



