
ਹਿਮਾਚਲ ਪ੍ਰਦੇਸ਼ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਨਿੱਜੀ ਵੋਲਵੋ ਬੱਸਾਂ ਖ਼ਿਲਾਫ਼ ਆਵਾਜਾਈ ਵਿਭਾਗ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਧਰਮਸ਼ਾਲਾ ਉਡਣ ਦਸਤੇ ਨੇ 1 ਅਪ੍ਰੈਲ ਤੋਂ 31 ਅਗਸਤ ਤੱਕ 76 ਬੱਸਾਂ ਦੇ ਚਲਾਨ ਕੀਤੇ ਹਨ ਅਤੇ 15 ਲੱਖ ਰੁਪਏ ਤੋਂ ਵੱਧ ਜੁਰਮਾਨਾ ਲਾਇਆ ਗਿਆ ਹੈ। ਜਾਂਚ ਦੌਰਾਨ ਕਈ ਬੱਸਾਂ ਬਿਨਾਂ ਪਰਮਿਟ ਚੱਲਦੀਆਂ ਮਿਲੀਆਂ, ਜਦਕਿ ਕੁਝ ਮਾਮਲਿਆਂ ਵਿੱਚ ਰਾਜ ਕਰ ਦੀ ਅਦਾਇਗੀ ਨਾ ਕਰਨ ਦੀ ਉਲੰਘਣਾ ਸਾਹਮਣੇ ਆਈ। ਇਸ ਤੋਂ ਇਲਾਵਾ ਕੁਝ ਬੱਸਾਂ ਵਿੱਚ ਯਾਤਰੀ ਸੂਚੀ ਅਤੇ ਹੋਰ ਲੋੜੀਂਦੇ ਦਸਤਾਵੇਜ਼ ਵੀ ਮੌਜੂਦ ਨਹੀਂ ਸਨ।
ਵਿਭਾਗ ਵੱਲੋਂ ਕਾਂਗੜਾ, ਚੰਬਾ, ਊਨਾ ਅਤੇ ਹਮੀਰਪੁਰ ਵਿੱਚ ਲਗਾਤਾਰ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸ਼ਿਕਾਇਤਾਂ ਦੇ ਆਧਾਰ ‘ਤੇ ਸਰਹੱਦੀ ਇਲਾਕਿਆਂ ਵਿੱਚ ਵੀ ਅਚਾਨਕ ਜਾਂਚ ਕੀਤੀ ਗਈ, ਜਿਸ ਦੌਰਾਨ ਇਹ ਬੇਨਿਯਮੀਆਂ ਸਾਹਮਣੇ ਆਈਆਂ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਲਈ ਵੀ ਹਿਮਾਚਲ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ।
ਵਿਭਾਗ ਮੁਤਾਬਕ ਅੱਗੇ ਵੀ ਨਿਗਰਾਨੀ ਜਾਰੀ ਰਹੇਗੀ ਅਤੇ ਲਗਾਤਾਰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਨ ਤੋਂ ਇਲਾਵਾ ਨਿਯਮਾਂ ਅਨੁਸਾਰ ਬੱਸ ਜ਼ਬਤ ਕਰਨ ਵਰਗੀ ਕਾਰਵਾਈ ਵੀ ਹੋ ਸਕਦੀ ਹੈ।
EDITED BY- HARLEEN KAUR



