
ਅੰਮ੍ਰਿਤਸਰ ‘ਚ ਸਕੂਟਰੀ ਦੀ ਟੱਕਰ ਨਾਲ ਜ਼ਖ਼ਮੀ ਹੋਏ ਪੰਜਾਬ ਪੁਲਿਸ ਦੇ ASI ਪਵਨ ਕੁਮਾਰ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ। 12 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਪਵਨ ਕੁਮਾਰ ਦੀ ਹਾਲਤ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਨਾਜ਼ੁਕ ਬਣੀ ਹੋਈ ਸੀ। ਉਹ ਬੋਲ ਵੀ ਨਹੀਂ ਪਾ ਰਹੇ ਸਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।
ਪਵਨ ਕੁਮਾਰ ਸ਼ਰਮਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਹ ਲਾਰੈਂਸ ਰੋਡ ‘ਤੇ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਸਨ। ਪੁਲਿਸ ਮੁਤਾਬਕ 30 ਅਗਸਤ ਦੀ ਦੁਪਹਿਰ ਕਰੀਬ 1:45 ਵਜੇ ਉਹ ਸੈਲੀਬ੍ਰੇਸ਼ਨ ਰੋਡ ਨੇੜੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਡਿਊਟੀ ‘ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਸਕੂਟੀ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ।
ਸਕੂਟਰੀ ਸਵਾਰ ਨਾ ਰੁਕਿਆ ਤਾਂ ASI ਪਵਨ ਕੁਮਾਰ ਸੜਕ ਦੇ ਵਿਚਕਾਰ ਤੱਕ ਪਹੁੰਚ ਗਏ। ਇਸੇ ਦੌਰਾਨ ਪਿੱਛੇ ਤੋਂ ਦੂਜੀ ਸਕੂਟਰੀ ‘ਤੇ ਦੋ ਨੌਜਵਾਨ ਆ ਰਹੇ ਸਨ। ਉਨ੍ਹਾਂ ਨੇ ਅਚਾਨਕ ਸਾਹਮਣੇ ਆਏ ASI ਨੂੰ ਨਹੀਂ ਦੇਖਿਆ ਅਤੇ ਸਕੂਟਰੀ ਦੀ ਟੱਕਰ ਪਵਨ ਕੁਮਾਰ ਨਾਲ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਸਕੂਟਰੀ ਸਵਾਰ ਨੌਜਵਾਨ ਵੀ ਸੜਕ ‘ਤੇ ਡਿੱਗ ਪਏ। ASI ਪਵਨ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਸੜਕ ‘ਤੇ ਪਏ ਰਹੇ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਮਦਦ ਲਈ ਦੌੜੇ।



