CM ਮਾਨ ਨੇ ਕਿਹਾ – ਰੇਡ ‘ਚ ਸਿਰਫ ਮਿਲੇ ਪੋਸਟਰ
ਹਾਈਕੋਰਟ ਤੋਂ ਫਟਾਫਟ ਆਰਡਰ ਕਰਾਇਆ, 24 ਘੰਟਿਆਂ 'ਚ ਲਿਆ ਐਕਸ਼ਨ

ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਸਮੇਤ ਛੇ ਵਿਅਕਤੀਆਂ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ ਪਹਿਲਾਂ ਅੱਜ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਸਮੇਂ ਸਿਰ ਨਾ ਪਹੁੰਚਣ ਤੋਂ ਬਾਅਦ, ਉਨ੍ਹਾਂ ਨੂੰ ਦੁਪਹਿਰ 2:30 ਵਜੇ ਸੱਦਿਆ ਗਿਆ ਹੈ।
ਉਨ੍ਹਾਂ ਤੋਂ ਇਸ ਮਾਮਲੇ ਵਿੱਚ ਈਡੀ ਵੱਲੋਂ ਲਗਾਏ ਗਏ ਦੋਸ਼ਾਂ, ਜਿਸ ਵਿੱਚ ਕੈਸ਼ ਫੋਰ ਟਰਾਂਸਫਰ-ਪੋਸਟਿੰਗ ਅਤੇ ਸਰਕਾਰੀ ਟੈਂਡਰਾਂ ਵਿੱਚ ਦਖਲਅੰਦਾਜ਼ੀ ਕਰਨਾ ਸ਼ਾਮਲ ਹੈ, ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਓਐਸਡੀ ਰਾਜਵੀਰ ਘੁੰਮਣ ਨੂੰ ਜਾਰੀ ਕੀਤੇ ਗਏ ਸੰਮਨ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੋਟਿਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਰੇਡ ਵਿੱਚ ਸਿਰਫ ਪੋਸਟਰ ਮਿਲੇ ਹਨ, ਅਸੀਂ ਕੀ ਟਰਾਂਸਫਰ ਤੋਂ ਪੈਸੇ ਲੈਣ ਆਏ ਹਾਂ? ਕੋਈ ਚੈਟ ਵਿੱਚ ਨਾਮ ਨਹੀਂ। ਫਟਾਫਟ ਹਾਈਕੋਰਟ ਤੋਂ ਆਰਡਰ ਕਰਾ ਲਏ, 24 ਘੰਟਿਆਂ ਵਿੱਚ ਐਕਸ਼ਨ ਲੈ ਲਿਆ। CBI ਦੇ ਕੋਲ 20-20 ਸਾਲ ਤੋਂ ਕੇਸ ਲਟਕੇ ਹੋਏ ਹਨ, ਉਨ੍ਹਾਂ ‘ਤੇ ਐਕਸ਼ਨ ਲਿਆ ਇਨ੍ਹਾਂ ਨੇ?, ਭਗਵੰਤ ਮਾਨ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ।
ਦੱਸ ਦਈਏ ਕਿ ਸੀਬੀਆਈ ਨੇ ਮੰਗਲਵਾਰ ਸ਼ਾਮ 5 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫਿਸ ‘ਤੇ ਛਾਪਾ ਮਾਰਿਆ ਸੀ। ਸੀਬੀਆਈ ਟੀਮਾਂ ਨੇ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਵਿੱਚ ਅੱਠ ਥਾਵਾਂ ‘ਤੇ ਛਾਪੇਮਾਰੀ ਕੀਤੀ। ਟੀਮਾਂ ਨੇ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ। ਇਹ ਛਾਪਾ ਰਾਤ 11 ਵਜੇ ਤੱਕ ਚੱਲਿਆ।
EDITED BY- HARLEEN KAUR




