Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ ‘ਤੇ ਵੱਡੀ ਕਾਰਵਾਈ
10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ

ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਉੱਤਰਾਖੰਡ ਦੇ ਹਰਿਦੁਆਰ ਪਹੁੰਚ ਰਹੀਆਂ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਦੁਆਰ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕਈ ਬੱਸਾਂ ਵਿੱਚ ਗੰਭੀਰ ਖਾਮੀਆਂ ਮਿਲੀਆਂ ਹਨ। ਜਾਂਚ ਦੌਰਾਨ ਕੁਝ ਬੱਸਾਂ ਕੋਲ ਨਾ ਤਾਂ ਲੋੜੀਂਦੇ ਪਰਮਿਟ ਸਨ ਅਤੇ ਨਾ ਹੀ ਉਨ੍ਹਾਂ ਦਾ ਟੈਕਸ ਜਮ੍ਹਾਂ ਕਰਵਾਇਆ ਗਿਆ ਸੀ।
ਵਿਭਾਗ ਮੁਤਾਬਕ ਪੰਜਾਬ ਤੋਂ ਰੋਜ਼ਾਨਾ ਕਰੀਬ 10 ਬੱਸਾਂ ਤੀਰਥ ਯਾਤਰਾ ਯੋਜਨਾ ਤਹਿਤ ਹਰਿਦੁਆਰ ਆਉਂਦੀਆਂ ਹਨ। ਇਨ੍ਹਾਂ ਵਿੱਚੋਂ 5 ਬੱਸਾਂ ਦੇ ਚਲਾਨ ਕੱਟੇ ਗਏ, ਜਦਕਿ 3 ਬੱਸਾਂ ਨੂੰ ਸੀਜ਼ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਜੁਰਮਾਨਾ ਅਤੇ ਲੋੜੀਂਦੀ ਸਿਕਿਓਰਿਟੀ ਜਮ੍ਹਾਂ ਕਰਵਾਉਣ ਤੋਂ ਬਾਅਦ ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਹਰਿਦੁਆਰ ਦੀ ਅਸਿਸਟੈਂਟ ਰੀਜਨਲ ਟਰਾਂਸਪੋਰਟ ਅਫ਼ਸਰ (ARTO) ਵਰੁਣਾ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਪੰਜਾਬ ਵਿੱਚ ਰਜਿਸਟਰਡ ਨਹੀਂ ਹਨ। ਇਨ੍ਹਾਂ ਵਿੱਚੋਂ ਕਈ ਬੱਸਾਂ ਮੱਧ ਪ੍ਰਦੇਸ਼, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰਜਿਸਟਰਡ ਹਨ। ਉਨ੍ਹਾਂ ਮੁਤਾਬਕ ਜਾਂਚ ਦੌਰਾਨ ਕਈ ਬੱਸਾਂ ਕੋਲ ਲੋੜੀਂਦੇ ਪਰਮਿਟ ਨਹੀਂ ਮਿਲੇ ਅਤੇ ਟੈਕਸ ਵੀ ਜਮ੍ਹਾਂ ਨਹੀਂ ਸੀ। ਇਸ ਕਾਰਨ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਵੀ ਸਾਹਮਣੇ ਆਈ ਹੈ।
ਮੋਟਰ ਵਹੀਕਲ ਇੰਸਪੈਕਟਰ (MVI) ਆਨੰਦ ਵਰਧਨ ਨੇ ਦੱਸਿਆ ਕਿ ਜਾਂਚ ਦੌਰਾਨ ਬੱਸਾਂ ਦੀ ਬਾਡੀ ਵਿੱਚ ਵੀ ਬਦਲਾਅ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਮੁਤਾਬਕ ਵੱਧ ਸੀਟਾਂ ਲਗਾਉਣ ਲਈ ਕਈ ਬੱਸਾਂ ਦੀ ਲੰਬਾਈ ਵਧਾਈ ਗਈ ਸੀ। ਨਿਯਮਾਂ ਅਨੁਸਾਰ ਪਿਛਲੇ ਟਾਇਰ ਤੋਂ ਬਾਅਦ ਬੱਸ ਦਾ ਹਿੱਸਾ ਨਿਰਧਾਰਤ ਮਾਪਦੰਡਾਂ ਅੰਦਰ ਹੋਣਾ ਚਾਹੀਦਾ ਹੈ, ਪਰ ਜਾਂਚ ਕੀਤੀਆਂ ਬੱਸਾਂ ਵਿੱਚ ਇਹ ਹਿੱਸਾ 70 ਤੋਂ 77 ਫ਼ੀਸਦੀ ਤੱਕ ਪਾਇਆ ਗਿਆ, ਜਦਕਿ ਦੱਸਿਆ ਗਿਆ ਮਾਪਦੰਡ 60 ਫ਼ੀਸਦੀ ਹੈ।
ਜਾਂਚ ਦੌਰਾਨ ਸਭ ਤੋਂ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਕਿ ਕਈ ਬੱਸਾਂ ਵਿੱਚ ਐਮਰਜੈਂਸੀ ਐਗਜ਼ਿਟ ਡੋਰ ਅਤੇ ਐਮਰਜੈਂਸੀ ਖਿੜਕੀਆਂ ਨਹੀਂ ਸਨ। MVI ਆਨੰਦ ਵਰਧਨ ਮੁਤਾਬਕ ਟੂਰਿਸਟ ਬੱਸਾਂ ਵਿੱਚ ਐਮਰਜੈਂਸੀ ਸਮੇਂ ਬਾਹਰ ਨਿਕਲਣ ਲਈ ਢੁਕਵੇਂ ਦਰਵਾਜ਼ੇ ਅਤੇ ਖਿੜਕੀਆਂ ਹੋਣੀਆਂ ਜ਼ਰੂਰੀ ਹਨ। ਇਸ ਤੋਂ ਇਲਾਵਾ ਜਾਂਚ ਕੀਤੀਆਂ ਬੱਸਾਂ ਵਿੱਚ ਅੱਗ ਤੋਂ ਬਚਾਅ ਲਈ ਲੋੜੀਂਦਾ ਐਂਟੀ ਫਾਇਰ ਸਿਸਟਮ ਵੀ ਨਹੀਂ ਮਿਲਿਆ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਖਾਮੀਆਂ ਕਿਸੇ ਹਾਦਸੇ ਦੌਰਾਨ ਯਾਤਰੀਆਂ ਦੀ ਜਾਨ ਲਈ ਵੱਡਾ ਖ਼ਤਰਾ ਬਣ ਸਕਦੀਆਂ ਹਨ।
ਟਰਾਂਸਪੋਰਟ ਵਿਭਾਗ ਮੁਤਾਬਕ ਬੱਸ ਆਪਰੇਟਰਾਂ ਨੇ ਖਾਮੀਆਂ ਦੂਰ ਕਰਨ ਲਈ ਸਮਾਂ ਮੰਗਿਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਬੱਸਾਂ ਦੀ ਲੰਬਾਈ ਅਤੇ ਹੋਰ ਤਕਨੀਕੀ ਖਾਮੀਆਂ ਨੂੰ ਨਿਯਮਾਂ ਮੁਤਾਬਕ ਠੀਕ ਕੀਤਾ ਜਾਵੇਗਾ। ਵਿਭਾਗ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਬੱਸਾਂ ਬਿਨਾਂ ਖਾਮੀਆਂ ਦੂਰ ਕੀਤੇ ਮੁੜ ਹਰਿਦੁਆਰ ਆਈਆਂ ਤਾਂ ਇਨ੍ਹਾਂ ਨੂੰ ਪੱਕੇ ਤੌਰ ‘ਤੇ ਸੀਜ਼ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਤੀਰਥ ਯਾਤਰਾ ਲਈ ਜਿਨ੍ਹਾਂ ਨਿੱਜੀ ਬੱਸ ਆਪਰੇਟਰਾਂ ਨਾਲ ਸਮਝੌਤਾ ਕੀਤਾ ਗਿਆ ਹੈ, ਉਨ੍ਹਾਂ ਦੀਆਂ ਬੱਸਾਂ ਦੇ ਕਾਗਜ਼ਾਤ, ਫਿਟਨੈੱਸ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਯਕੀਨੀ ਬਣਾਈ ਜਾਵੇ।
EDITED BY- HARLEEN KAUR




