
ਪੰਜਾਬ ਦੇ ਜੰਡਿਆਲਾ ਗੁਰੂ ਤੋਂ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਜੰਡਿਆਲਾ ਗੁਰੂ ‘ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ, ਜਿਸ ਨਾਲ ਪੰਜਾਬ ਵਿੱਚ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਹੋ ਰਹੇ ਹਨ। ਵੈਰੋਵਾਲ ਰੋਡ ‘ਤੇ ਹੋਈ ਇਸ ਘਟਨਾ ਵਿੱਚ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀਆਂ ਲੱਗਣ ਵਾਲੇ ਦੋਵੇਂ ਵਿਅਕਤੀਆਂ ਦੀ ਪਛਾਣ ਪਿਓ-ਪੁੱਤ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ 3 ਤੋਂ 4 ਫਾਇਰ ਕੀਤੇ ਗਏ। ਜਿਸ ‘ਚ ਇਕ ਦੇ ਮੋਢੇ ‘ਚ ਦੋ ਗੋਲੀਆਂ ਲੱਗੀਆਂ, ਜਦਕਿ ਦੂਜੇ ਦੇ ਪੱਟ ਵਿੱਚ ਇੱਕ ਗੋਲੀ ਲੱਗੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਕੁਝ ਨੌਜਵਾਨਾਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ। ਪਰਿਵਾਰ ਅਨੁਸਾਰ ਲਗਭਗ 21 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਦੌਰਾਨ ਹਮਲਾਵਰਾਂ ਨੇ ਸਿੱਧੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ‘ਚ ਦੋਵੇਂ ਪਿਓ-ਪੁੱਤ ਜ਼ਖਮੀ ਹੋ ਗਏ ਹਨ।
ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਜੰਡਿਆਲਾ ਨੇ ਦੱਸਿਆ ਕਿ ਕਰਿਆਨੇ ਦੇ ਸਾਮਾਨ ਦੇ ਪੈਸਿਆਂ ਨੂੰ ਲੈ ਕੇ ਦੋ ਪੱਖਾਂ ਵਿੱਚ ਤਕਰਾਰ ਹੋਈ ਸੀ, ਜਿਸ ਦੌਰਾਨ ਇੱਕ ਪੱਖ ਵੱਲੋਂ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਵੱਲੋਂ ਭਾਲ ਜਾਰੀ ਹੈ।
EDITED BY- HARLEEN KAUR




