ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ਤੋਂ ਪ੍ਰਸ਼ਾਸਨਿਕ ਲਾਪਰਵਾਹੀ ਦੀ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਸੜਕ ਉੱਤੇ ਭਰੇ ਗੰਦੇ ਪਾਣੀ ਕਾਰਨ ਇੱਕ ਛੋਟੀ ਮਾਸੂਮ ਬੱਚੀ ਖੁੱਲ੍ਹੇ ਗਟਰ ਵਿੱਚ ਜਾ ਡਿੱਗੀ। ਇਹ ਪੂਰੀ ਘਟਨਾ ਇਲਾਕੇ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵਿੱਚ ਗੁੱਸਾ ਪੈਦਾ ਕਰ ਰਹੀ ਹੈ।
ਘਟਨਾ ਤਾਜਪੁਰ ਰੋਡ ਸਥਿਤ ਚਾਮੁੰਡਾ ਮਾਤਾ ਮੰਦਰ ਦੇ ਸਾਹਮਣੇ ਦੀ ਦੱਸੀ ਜਾ ਰਹੀ ਹੈ। ਇਲਾਕਾ ਵਾਸੀਆਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਡੇਅਰੀਆਂ ਦਾ ਗੰਦਾ ਪਾਣੀ ਸੜਕਾਂ ਉੱਤੇ ਖੜ੍ਹਾ ਹੋਇਆ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸੜਕਾਂ ਉੱਤੇ ਭਰੇ ਗੰਦੇ ਪਾਣੀ ਕਾਰਨ ਖੁੱਲ੍ਹੇ ਗਟਰ ਦਿਖਾਈ ਨਹੀਂ ਦਿੰਦੇ, ਜਿਸ ਨਾਲ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।
ਰਾਹਤ ਵਾਲੀ ਗੱਲ ਇਹ ਰਹੀ ਕਿ ਸਮੇਂ ਸਿਰ ਬੱਚੀ ਨੂੰ ਬਚਾ ਲਿਆ ਗਿਆ ਅਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਪਰ ਇਸ ਘਟਨਾ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੱਚੀ ਨੂੰ ਬਾਹਰ ਨਾ ਕੱਢਿਆ ਜਾਂਦਾ ਤਾਂ ਕੋਈ ਵੱਡੀ ਦੁੱਖਦਾਈ ਘਟਨਾ ਵੀ ਹੋ ਸਕਦੀ ਸੀ।
EDITED BY- HARLEEN KAUR



