ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਬਟਾਲਾ ਵਿਖੇ ਵਿਸ਼ਾਲ ਭਜਨ ਸੰਧਿਆ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਪੰਜਾਬ ਸਰਕਾਰ ਵੱਲੋਂ ਆਯੋਜਿਤ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕ, ਔਰਤਾਂ, ਬਜ਼ੁਰਗ ਅਤੇ ਬੱਚੇ ਮਸ਼ਹੂਰ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਦੇ ਭਜਨਾਂ ਦਾ ਆਨੰਦ ਲੈਣ ਲਈ ਪਹੁੰਚੇ ਸਨ।
ਕੇਜਰੀਵਾਲ ਨੇ ਇਸ ਦੌਰਾਨ ਦੋ ਵੱਡੇ ਐਲਾਨ ਕੀਤੇ। ਜਿਸ ਵਿੱਚ ਕਿਹਾ ਗਿਆ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਰ ਦਾ 80 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ ਅਤੇ ਅਗਸਤ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਨਵੇਂ ਰਸਤੇ ਵੀ ਸ਼ਾਮਲ ਕੀਤੇ ਜਾਣਗੇ।
1 ਅਗਸਤ ਤੋਂ ਸ਼ੁਰੂ ਹੋਣਗੇ ਤੀਰਥ ਯਾਤਰਾ ਦੇ ਨਵੇਂ ਰੂਟ
ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੀ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ” ਦੀ ਪ੍ਰਸ਼ੰਸਾ ਕੀਤੀ ਅਤੇ ਜਨਤਾ ਨੂੰ ਇਸਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਇਸ ਵੇਲੇ ਇਸ ਯੋਜਨਾ ਤਹਿਤ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਲਈ ਮੁਫ਼ਤ ਲਗਜ਼ਰੀ ਏਸੀ ਬੱਸਾਂ ਚੱਲ ਰਹੀਆਂ ਹਨ। ਹਾਲਾਂਕਿ, 1 ਅਗਸਤ ਤੋਂ ਤਿੰਨ ਨਵੇਂ ਰੂਟ ਜੋੜੇ ਜਾਣਗੇ। ਸ਼ਰਧਾਲੂ ਹੁਣ ਸਾਲਾਸਰ ਅਤੇ ਖਾਟੂ ਸ਼ਿਆਮ ਜੀ ਮਹਾਰਾਜ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਦੀ ਯਾਤਰਾ ਕਰ ਸਕਣਗੇ। ਯਾਤਰਾ, ਖਾਣਾ ਅਤੇ ਰਿਹਾਇਸ਼ ਸਭ ਕੁਝ ਸਰਕਾਰ ਵੱਲੋਂ ਮੁਫ਼ਤ ਹੈ।




