टॉप न्यूज़
ਨੀਟ ਪੇਪਰ ਲੀਕ ਵਿਵਾਦ ਤੇ ਪ੍ਰਦਰਸ਼ਨਾਂ ‘ਤੇ PM ਮੋਦੀ ਦਾ ਵੱਡਾ ਬਿਆਨ

ਨੀਟ ਪੇਪਰ ਲੀਕ ਅਤੇ ਉਸ ਨੂੰ ਲੈ ਕੇ ਹੋ ਰਹੇ ਬਵਾਲ ਦੇ ਵਿਚ ਪੀ.ਐੱਮ. ਮੋਦੀ ਨੇ ਵੱਡਾ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਅੱਜ ਐੱਨ.ਡੀ.ਏ. ਸੰਸਦੀ ਦਲ ਦੀ ਬੈਠਕ ਵਿਚ ਸ਼ਾਮਲ ਹੋਏ। ਇਸ ਬੈਠਕ ਨੂੰ ‘ਮੰਗਲ ਮਿਲਨ’ ਨਾਂ ਦਿੱਤਾ ਗਿਆ ਹੈ। ਇਸ ਬੈਠਕ ਵਿਚ ਪੀ.ਐੱਮ. ਮੋਦੀ ਨੇ ਐੱਨ.ਡੀ.ਏ. ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਭੜਕਾਉਣ ਦੀ ਬਜਾਏ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ। ਇਹ ਗੱਲ ਉਨ੍ਹਾਂ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਦਿੱਲੀ ਵਿਚ ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨ ਦੇ ਇੱਕ ਦਿਨ ਬਾਅਦ ਕਹੀ।
ਸੰਸਦ ਵਿਚ ਲਾਇਬ੍ਰੇਰੀ ਬਿਲਡਿੰਗ ਦੇ ਜੀ.ਐੱਮ.ਸੀ. ਬਾਲਯੋਗੀ ਆਡੀਟੋਰੀਅਮ ਵਿਚ ਐੱਨ.ਡੀ.ਏ. ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, ‘ਗ਼ਲਤ ਰਸਤੇ ‘ਤੇ ਚੱਲਣਾ ਆਸਾਨ ਹੈ, ਪਰ ਸਹੀ ਰਸਤੇ ‘ਤੇ ਵਾਪਸ ਆਉਣਾ ਕਿਤੇ ਵੱਧ ਮੁਸ਼ਕਲ ਹੈ, ਅਤੇ ਸਾਨੂੰ ਉਨ੍ਹਾਂ ਨੂੰ ਸਹੀ ਰਸਤੇ ‘ਤੇ ਲਿਆਉਣਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ।’
ਪੀ.ਐੱਮ. ਮੋਦੀ ਨੇ ‘ਮੰਗਲ ਮਿਲਨ’ ਬੈਠਕ ਵਿਚ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਨੀਟ ਪੇਪਰ ਲੀਕ ‘ਤੇ ਕਰੀਬ 5 ਮਿੰਟ ਤੱਕ ਆਪਣੀ ਗੱਲ ਰੱਖੀ। ਇਸ ਦੌਰਾਨ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਬਹੁਤ ਹੀ ਸਖ਼ਤ ਤਰੀਕੇ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪੇਪਰ ਲੀਕ ਦੇ ਮਾਮਲਿਆਂ ਨਾਲ ਜੁੜੇ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ। ਗੌਰਤਲਬ ਹੈ ਕਿ ਪੀ.ਐੱਮ. ਮੋਦੀ ਦਾ ਇਹ ਬਿਆਨ ਵਿਦਿਆਰਥੀਆਂ ਦੇ ਸੰਸਦ ਮਾਰਚ ਦੇ ਇਕ ਦਿਨ ਬਾਅਦ ਆਇਆ ਹੈ।
EDITED BY- HARLEEN KAUR




