
ਲੁਧਿਆਣਾ ਦੇ ਮਾਇਆ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਦੇ ਨੌਕਰ ਅਤੇ ਉਸ ਦੀ ਪਤਨੀ ’ਤੇ ਘਰ ਦੇ ਮੈਂਬਰ ਨੂੰ ਦੁੱਧ ਵਿੱਚ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰਨ ਅਤੇ ਬਾਅਦ ਵਿੱਚ ਘਰ ਦੀ ਅਲਮਾਰੀ ਵਿੱਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਦੇ ਆਰੋਪ ਲੱਗੇ ਹਨ।
ਇਹ ਘਟਨਾ 24 ਸਤੰਬਰ ਦੀ ਰਾਤ ਦੀ ਦੱਸੀ ਜਾ ਰਹੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਨੇ ਅਰਜੁਨ ਅਤੇ ਉਸ ਦੀ ਪਤਨੀ ਮਾਇਆ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੀਰਜ ਸਚਦੇਵਾ ਮੁਤਾਬਕ, 24 ਸਤੰਬਰ ਦੀ ਰਾਤ ਨੂੰ ਉਨ੍ਹਾਂ ਦੇ ਨੌਕਰ ਅਰਜੁਨ ਅਤੇ ਉਸ ਦੀ ਪਤਨੀ ਮਾਇਆ ਨੇ ਉਨ੍ਹਾਂ ਨੂੰ ਪੀਣ ਲਈ ਦੁੱਧ ਦਿੱਤਾ ਸੀ। ਦੁੱਧ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਏ। ਹਾਲਤ ਵਿਗੜਨ ’ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ DMC ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਸ਼ਿਕਾਇਤ ਮੁਤਾਬਕ ਹੋਸ਼ ਆਉਣ ਤੋਂ ਬਾਅਦ ਜਦੋਂ ਪਰਿਵਾਰ ਘਰ ਵਾਪਸ ਪਹੁੰਚਿਆ ਤਾਂ ਜਾਂਚ ਦੌਰਾਨ ਅਲਮਾਰੀ ਖੁੱਲ੍ਹੀ ਮਿਲੀ। ਇਸ ਵਿੱਚੋਂ ਕਰੀਬ 2.5 ਲੱਖ ਰੁਪਏ ਨਕਦ, ਲਗਭਗ 105 ਗ੍ਰਾਮ ਸੋਨੇ ਦੇ ਗਹਿਣੇ ਅਤੇ ਚਾਂਦੀ ਦੀਆਂ ਜਿਊਲਰੀਆਂ ਤੇ ਅੰਗੂਠੀਆਂ ਗਾਇਬ ਸਨ। ਪਰਿਵਾਰ ਨੇ ਆਰੋਪ ਲਗਾਇਆ ਕਿ ਅਰਜੁਨ ਅਤੇ ਮਾਇਆ ਨੇ ਦੁੱਧ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਨ੍ਹਾਂ ਨੂੰ ਬੇਹੋਸ਼ ਕੀਤਾ ਅਤੇ ਇਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਰਜੁਨ ਅਤੇ ਉਸ ਦੀ ਪਤਨੀ ਮਾਇਆ, ਦੋਵੇਂ ਵਾਸੀ ਮਾਇਆ ਨਗਰ, ਖ਼ਿਲਾਫ਼ BNS ਦੀ ਧਾਰਾ 306 ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋਵਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਚੋਰੀ ਹੋਏ ਸਮਾਨ ਅਤੇ ਘਟਨਾ ਨਾਲ ਸਬੰਧਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
EDITED BY- HARLEEN KAUR




