
ਚੰਡੀਗੜ੍ਹ ਨਗਰ ਨਿਗਮ (MCC) ਨੇ ਕਰਮਚਾਰੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ ਕਰਮਚਾਰੀਆਂ ਦੀ ਹਾਜ਼ਰੀ ਅਤੇ ਤਨਖਾਹ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ੀਤਾ ਲਿਆਉਣ ਲਈ ਆਖ਼ਰੀ ਚੇਤਾਵਨੀ ਜਾਰੀ ਕੀਤੀ ਹੈ। ਹੁਣ ਹਰ ਕਰਮਚਾਰੀ ਦੀ ਤਨਖਾਹ ਸਿਰਫ਼ ਆਧਾਰ-ਅਧਾਰਿਤ ਬਾਇਓਮੈਟਰਿਕ ਹਾਜ਼ਰੀ ਦੇ ਆਧਾਰ ‘ਤੇ ਹੀ ਦਿੱਤੀ ਜਾਵੇਗੀ। ਨਿਗਮ ਕਮਿਸ਼ਨਰ ਅਮਿਤ ਕੁਮਾਰ (IAS) ਨੇ ਇਸ ਸਬੰਧ ਵਿੱਚ ਸਖ਼ਤ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਦਸੰਬਰ ਮਹੀਨੇ ਦੀ ਤਨਖਾਹ ਉਸੇ ਸਮੇਂ ਜਾਰੀ ਕੀਤੀ ਜਾਵੇਗੀ, ਜਦੋਂ ਹਰ ਕਰਮਚਾਰੀ ਆਪਣੀ ਹਾਜ਼ਰੀ ਆਧਾਰ-ਲਿੰਕਡ ਬਾਇਓਮੈਟਰਿਕ ਸਿਸਟਮ ਵਿੱਚ ਦਰਜ ਕਰੇਗਾ।
ਨਗਰ ਨਿਗਮ ਨੇ ਨਵੰਬਰ ਤੋਂ ਆਧਾਰ-ਲਿੰਕਡ ਤਨਖਾਹ ਪ੍ਰਣਾਲੀ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਸੀ, ਪਰ ਤਕਨੀਕੀ ਖਾਮੀਆਂ ਅਤੇ ਪ੍ਰਸ਼ਾਸਕੀ ਦੇਰੀਆਂ ਦੇ ਕਾਰਨ ਇਹ ਸਿਸਟਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਉੱਚ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਵਿੱਚ ਕਮਿਸ਼ਨਰ ਨੇ ਇਸ ਦੇਰੀ ‘ਤੇ ਕੜਾ ਰੁਖ ਦਿਖਾਇਆ।
ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਵਾਰ-ਵਾਰ ਨਿਰਦੇਸ਼ ਦੇਣ ਦੇ ਬਾਵਜੂਦ ਵਿਭਾਗ ਸਮੇਂ ਤੇ ਇਸਨੂੰ ਲਾਗੂ ਨਹੀਂ ਕਰ ਸਕਿਆ, ਜੋ ਗੰਭੀਰ ਲਾਪਰਵਾਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਹ ਪ੍ਰਣਾਲੀ ਹੁਣ ਕਿਸੇ ਵੀ ਹਾਲਤ ਵਿੱਚ ਟਾਲੀ ਨਹੀਂ ਜਾਵੇਗੀ।
ਨਿਗਮ ਕਮਿਸ਼ਨਰ ਨੇ ਹੁਕਮ ਦਿੱਤਾ ਹੈ ਕਿ ਦਸੰਬਰ ਤੋਂ ਕਿਸੇ ਵੀ ਕਰਮਚਾਰੀ ਦੀ ਤਨਖਾਹ ਤਦ ਤੱਕ ਜਾਰੀ ਨਹੀਂ ਕੀਤੀ ਜਾਵੇਗੀ, ਜਦ ਤੱਕ ਉਸਦੀ ਹਾਜ਼ਰੀ ਆਧਾਰ-ਬਾਇਓਮੈਟਰਿਕ ਸਿਸਟਮ ਨਾਲ ਲਿੰਕ ਨਹੀਂ ਹੋ ਜਾਂਦੀ।
EDITED BY- HARLEEN KAUR




