ਪੰਜਾਬ ‘ਚ ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ ਜਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਸਿਆਲ ਦਾ ਡਬਲ ਅਟੈਕ ਵੇਖਣ ਨੂੰ ਮਿਲੇਗਾ। ਅੱਜ ਰਾਜ ਦੇ ਕੁਝ ਇਲਾਕਿਆਂ ਵਿੱਚ ਬਹੁਤ ਸੰਘਣਾ ਕੋਹਰਾ ਅਤੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਮੌਸਮ ਸੁੱਕਾ (ਡਰਾਈ) ਬਣਿਆ ਰਹੇਗਾ।
ਇਸ ਦਰਮਿਆਨ ਘੱਟੋ-ਘੱਟ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਆਮ ਤਾਪਮਾਨ ਨਾਲੋਂ 3.4 ਡਿਗਰੀ ਵੱਧ ਹੈ। ਰਾਜ ਵਿੱਚ ਗੁਰਦਾਸਪੁਰ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਦਮਪੁਰ ਅਤੇ ਬਠਿੰਡਾ ਵਿੱਚ ਸੰਘਣਾ ਕੋਹਰਾ ਰਿਕਾਰਡ ਕੀਤਾ ਗਿਆ, ਜਦਕਿ ਬਠਿੰਡਾ ਵਿੱਚ ਸਭ ਤੋਂ ਵੱਧ 26 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ।
ਮੌਸਮ ਵਿਭਾਗ ਮੁਤਾਬਕ ਆਦਮਪੁਰ, ਪਠਾਨਕੋਟ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਿੱਖ 100 ਮੀਟਰ ਤੱਕ ਰਹਿ ਗਈ ਸੀ। ਇਸਦੇ ਨਾਲ ਹੀ ਘੱਟੋ-ਘੱਟ ਤਾਪਮਾਨ ਹੁਣ 5 ਤੋਂ 10 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿ ਗਿਆ ਹੈ।
ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਘਣਾ ਕੋਹਰਾ ਰਹਿਣ ਦੀ ਸੰਭਾਵਨਾ ਹੈ।
ਉੱਥੇ ਹੀ ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਰੂਪਨਗਰ ਅਤੇ ਮੋਹਾਲੀ ਵਿੱਚ ਵੀ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਸੁੱਕਾ ਬਣਿਆ ਰਹੇਗਾ।
ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਅਗਲੇ 2 ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਇਸ ਤੋਂ ਬਾਅਦ ਰਾਜ ਵਿੱਚ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ। 27 ਤਾਰੀਖ ਤੋਂ ਵੈਸਟਨ ਡਿਸਟਰਬਨ ਸਰਗਰਮ ਹੋਵੇਗਾ, ਜਿਸ ਤੋਂ ਬਾਅਦ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਜਾ ਸਕਦਾ ਹੈ।
EDITED BY- HARLEEN KAUR




