
ਆਪਣੇ ਆਪ ਨੂੰ ਮਹਿਕਦਾਰ ਬਣਾਉਣ ਲਈ ਵਰਤਿਆ ਜਾਣ ਵਾਲਾ ਪਰਫਿਊਮ ਨਾ ਸਿਰਫ਼ ਦਿਨ ਭਰ ਤਾਜ਼ਗੀ ਦਾ ਅਹਿਸਾਸ ਕਰਵਾਉਂਦਾ ਹੈ, ਸਗੋਂ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਪਰਫਿਊਮ ਲਗਾਉਣ ਦੀ ਇਹ ਛੋਟੀ ਜਿਹੀ ਆਦਤ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੀ ਰੋਜ਼ਾਨਾ ਦੀ ਆਦਤ ਬਣ ਚੁੱਕੀ ਹੈ। ਅਕਸਰ ਲੋਕ ਇਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਗਰਦਨ ਵਰਗੇ ਹਿੱਸਿਆਂ ’ਤੇ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਕਈ ਵਾਰ ਖੂਬਸੂਰਤੀ ਤੋਂ ਅੱਗੇ ਵੱਧ ਕੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ?
ਡਾਕਟਰਾਂ ਮੁਤਾਬਕ ਗਰਦਨ ਦੀ ਚਮੜੀ ਸਰੀਰ ਦੇ ਹੋਰ ਹਿੱਸਿਆਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਅਤੇ ਪਤਲੀ ਹੁੰਦੀ ਹੈ। ਸਿੱਧੇ ਤੌਰ ’ਤੇ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਨਾ ਸਿਰਫ਼ ਚਮੜੀ ਨਾਲ ਸੰਬੰਧਿਤ ਐਲਰਜੀ ਪੈਦਾ ਕਰ ਸਕਦੀ ਹੈ, ਸਗੋਂ ਹਾਰਮੋਨਲ ਅਸੰਤੁਲਨ ਅਤੇ ਸਾਂਹ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ।
ਹਾਰਮੋਨਲ ਅਸੰਤੁਲਨ
ਗਰਦਨ ਦੇ ਹੇਠਾਂ ਥਾਇਰਾਇਡ ਗ੍ਰੰਥੀ ਮੌਜੂਦ ਹੁੰਦੀ ਹੈ, ਜੋ ਸਰੀਰ ਦੇ ਮੈਟਾਬੋਲਿਜ਼ਮ, ਊਰਜਾ ਪੱਧਰ ਅਤੇ ਹਾਰਮੋਨਲ ਸੰਤੁਲਨ ਨੂੰ ਨਿਯੰਤਰਿਤ ਕਰਦੀ ਹੈ। ਇਸ ਖੇਤਰ ’ਤੇ ਲਗਾਤਾਰ ਸੁਗੰਧਿਤ ਕੈਮਿਕਲ ਵਰਤਣ ਨਾਲ ਥਾਇਰਾਇਡ ਦੇ ਆਲੇ-ਦੁਆਲੇ ਦੀ ਚਮੜੀ ਅਤੇ ਟਿਸ਼ੂ ਪ੍ਰਭਾਵਿਤ ਹੋ ਸਕਦੇ ਹਨ। ਲੰਬੇ ਸਮੇਂ ਤੱਕ ਇਹ ਆਦਤ ਜਾਰੀ ਰਹਿਣ ਨਾਲ ਵਿਅਕਤੀ ਨੂੰ ਹਾਰਮੋਨਲ ਅਸੰਤੁਲਨ, ਥਕਾਵਟ, ਮੂਡ ਵਿੱਚ ਬਦਲਾਅ ਜਾਂ ਵਜ਼ਨ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ, ਖਾਸ ਕਰਕੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਦੀ ਚਮੜੀ ਜਾਂ ਹਾਰਮੋਨਲ ਸਿਸਟਮ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਹੁੰਦਾ ਹੈ।
ਪਿਗਮੈਂਟੇਸ਼ਨ ਜਾਂ ਕਾਲੇ ਧੱਬਿਆਂ ਦੀ ਸਮੱਸਿਆ
ਪਰਫਿਊਮ ਵਿੱਚ ਮੌਜੂਦ ਸਿੰਥੈਟਿਕ ਕੈਮਿਕਲ, ਅਲਕੋਹਲ ਅਤੇ ਸੁਗੰਧਿਤ ਯੋਗਿਕ ਜਦੋਂ ਸਿੱਧੇ ਤੌਰ ’ਤੇ ਚਮੜੀ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਇਹ ਸਰੀਰ ਵਿੱਚ ਅਵਸ਼ੋਸ਼ਿਤ ਹੋ ਸਕਦੇ ਹਨ ਅਤੇ ਕੁਝ ਲੋਕਾਂ ਵਿੱਚ ਨਕਾਰਾਤਮਕ ਪ੍ਰਭਾਵ ਪੈਦਾ ਕਰ ਸਕਦੇ ਹਨ। ਧਿਆਨ ਰਹੇ ਕਿ ਗਰਦਨ ਦੀ ਚਮੜੀ ਸਰੀਰ ਦੇ ਹੋਰ ਹਿੱਸਿਆਂ ਨਾਲੋਂ ਜ਼ਿਆਦਾ ਪਤਲੀ ਅਤੇ ਸੰਵੇਦਨਸ਼ੀਲ ਹੁੰਦੀ ਹੈ। ਇਸ ਇਲਾਕੇ ’ਤੇ ਵਾਰ-ਵਾਰ ਪਰਫਿਊਮ ਸਪਰੇ ਕਰਨ ਨਾਲ ਚਮੜੀ ’ਚ ਜਲਨ, ਖੁਜਲੀ, ਲਾਲੀ ਅਤੇ ਸਮੇਂ ਦੇ ਨਾਲ ਪਿਗਮੈਂਟੇਸ਼ਨ ਜਾਂ ਕਾਲੇ ਧੱਬਿਆਂ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਇਸ ਤੋਂ ਇਲਾਵਾ, ਧੁੱਪ ਦੇ ਸੰਪਰਕ ਵਿੱਚ ਆਉਣ ’ਤੇ ਕੁਝ ਪਰਫਿਊਮਾਂ ਦੇ ਕੈਮਿਕਲ ਚਮੜੀ ਨੂੰ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਬਣਾ ਦਿੰਦੇ ਹਨ, ਜਿਸ ਨਾਲ ਫੋਟੋਸੈਂਸਿਟਿਵਿਟੀ ਦਾ ਖਤਰਾ ਵੱਧ ਜਾਂਦਾ ਹੈ।
ਪਰਫਿਊਮ ਵਰਤਣ ਦਾ ਸਹੀ ਤਰੀਕਾ
ਗਰਦਨ ’ਤੇ ਪਰਫਿਊਮ ਲਗਾਉਣ ਦੇ ਨੁਕਸਾਨ ਜਾਣਨ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਪਰਫਿਊਮ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ, ਸਗੋਂ ਇਸਨੂੰ ਸਹੀ ਤਰੀਕੇ ਅਤੇ ਸਹੀ ਥਾਂ ’ਤੇ ਵਰਤਣਾ ਜ਼ਰੂਰੀ ਹੈ। ਗਰਦਨ ’ਤੇ ਸਿੱਧਾ ਪਰਫਿਊਮ ਲਗਾਉਣ ਦੀ ਬਜਾਇ, ਇਸਨੂੰ ਕਲਾਈ, ਕੋਹਣੀ ਦੇ ਅੰਦਰੂਨੀ ਹਿੱਸੇ ਅਤੇ ਕੰਨਾਂ ਦੇ ਪਿੱਛੇ ਹਲਕੇ ਤੌਰ ’ਤੇ ਲਗਾਇਆ ਜਾ ਸਕਦਾ ਹੈ। ਇਨ੍ਹਾਂ ਥਾਵਾਂ ’ਤੇ ਚਮੜੀ ਤੁਲਨਾਤਮਕ ਤੌਰ ’ਤੇ ਘੱਟ ਸੰਵੇਦਨਸ਼ੀਲ ਹੁੰਦੀ ਹੈ ਅਤੇ ਖੁਸ਼ਬੂ ਵੀ ਹੌਲੀ-ਹੌਲੀ ਫੈਲਦੀ ਹੈ, ਜਿਸ ਨਾਲ ਸਿੱਧੇ ਰਸਾਇਣਾਂ ਦੇ ਸੰਪਰਕ ਨਾਲ ਹੋਣ ਵਾਲੇ ਖਤਰੇ ਘੱਟ ਹੋ ਜਾਂਦੇ ਹਨ।
ਸੰਵੇਦਨਸ਼ੀਲ ਚਮੜੀ ਵਾਲੇ ਲੋਕ ਪਰਫਿਊਮ ਕਿਵੇਂ ਵਰਤਣ
ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਅਲਕੋਹਲ-ਰਹਿਤ, ਹਾਈਪੋਐਲਰਜੈਨਿਕ ਜਾਂ ਨੈਚੁਰਲ ਫ੍ਰੇਗਰੈਂਸ ਵਾਲੇ ਉਤਪਾਦਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇ ਪਰਫਿਊਮ ਲਗਾਉਣ ਤੋਂ ਬਾਅਦ ਵਾਰ-ਵਾਰ ਜਲਨ, ਸਿਰਦਰਦ, ਸਾਂਹ ਲੈਣ ਵਿੱਚ ਤਕਲੀਫ਼ ਜਾਂ ਚਮੜੀ ’ਤੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਜ਼ਰ ਆਏ, ਤਾਂ ਇਸਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
EDITED BY- HARLEEN KAUR




