
ਪੰਜਾਬ ਦੇ ਮਸ਼ਹੂਰ ਗਾਇਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਦਾ ਪੋਤਰਾ ਕਪਿਲ ਰੰਗੀਲਾ ਨੂੰ ਉਸਦੇ ਜਮਾਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਲਹੂ-ਲੁਹਾਨ ਕਰ ਦਿੱਤਾ। ਇਹ ਘਟਨਾ ਸਥਾਨਕ ਪੁਰਾਣੇ ਸ਼ਹੀਦੀ ਗੇਟ ਨੇੜੇ ਸਥਿਤ ਪ੍ਰਾਈਵੇਟ ਸਕੂਲ ’ਚ ਵਾਪਰੀ। ਕਪਿਲ ਰੰਗੀਲਾ 8ਵੀਂ ਜਮਾਤ ਦਾ ਵਿਦਿਆਰਥੀ ਹੈ। ਕੁੱਟਮਾਰ ਕਰਨ ਵਾਲੇ ਵਿਦਿਆਰਥੀਆਂ ਨੇ ਹੱਥਾਂ ’ਚ ਪਾਏ ਕੜੇ ਮਾਰ-ਮਾਰ ਕੇ ਕਪਿਲ ਰੰਗੀਲਾ ਦਾ ਬੁਰਾ ਹਾਲ ਕਰ ਦਿੱਤਾ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਕੂਲ ਅਧਿਆਪਕਾਂ ਨੇ ਦੁਰਗਾ ਰੰਗੀਲਾ ਦੇ ਘਰ ਫੋਨ ਕਰਕੇ ਆਖਿਆ ਕਿ ਉਨ੍ਹਾਂ ਦੇ ਪੋਤਰੇ ਦੇ ਸੱਟ ਲੱਗੀ ਹੈ ਉਸ ਨੂੰ ਆ ਕੇ ਲੈ ਜਾਓ। ਇੱਥੋਂ ਤੱਕ ਕੇ ਲਹੂ-ਲੁਹਾਨ ਵਿਦਿਆਰਥੀ ਕਪਿਲ ਰੰਗੀਲਾ ਨੂੰ ਕੋਈ ਵੀ ਮੁੱਢਲੀ ਸਹਾਇਤਾ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ’ਚ ਫਸਟ ਏਡ ਬਾਕਸ ਰੱਖਣਾ ਤੇ ਉਸਦੀ ਵਰਤੋਂ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੋਈ ਹੈ। ਉੱਧਰ ਜਦੋਂ ਸਬੰਧਤ ਸਕੂਲ ’ਚ ਪੜ੍ਹਦੀ ਕਪਿਲ ਰੰਗੀਲਾ ਦੀ ਭੈਣ ਦਵਿੰਦਰ ਕੌਰ ਨੂੰ ਪਤਾ ਲੱਗਾ ਤਾਂ ਉਹ ਦੌੜੀ ਆਈ ਤੇ ਆਪਣੇ ਭਰਾ ਨੂੰ ਲਹੂ-ਲੁਹਾਨ ਹੋਇਆ ਦੇਖ ਘਬਰਾ ਗਈ। ਉਸ ਨੇ ਅਧਿਆਪਕਾਂ ਨੂੰ ਆਖਿਆ ਕਿ ਮੇਰੇ ਭਰਾ ਨੂੰ ਤੁਰੰਤ ਹਸਪਤਾਲ ਲੈ ਕੇ ਚੱਲੋ ਪਰ ਸਕੂਲ ਸਟਾਫ ਰੰਗੀਲਾ ਪਰਿਵਾਰ ਦੀ ਗੱਡੀ ਨੂੰ ਹੀ ਉਡੀਕਦਾ ਰਿਹਾ। ਕੁਝ ਸਮੇਂ ਬਾਅਦ ਜਦੋਂ ਗੱਡੀ ਲੈ ਕੇ ਲਹੂ-ਲੁਹਾਨ ਹੋਏ ਵਿਦਿਆਰਥੀ ਕਪਿਲ ਰੰਗੀਲਾ ਦਾ ਪਿਤਾ ਗਾਮਾ ਰੰਗੀਲਾ ਸਕੂਲ ਪੁੱਜਾ ਤਾਂ ਉਸ ਨੇ ਆਪਣੇ ਪੁੱਤਰ ਨੂੰ ਤੁਰੰਤ ਸਿਵਲ ਹਸਪਤਾਲ ਚਮਕੌਰ ਸਾਹਿਬ ਵਿਖੇ ਪਹੁੰਚਾਇਆ।
EDITED BY- HARLEEN KAUR




