
ਲੁਧਿਆਣਾ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਾਮ ਨਗਰ ਖੇਤਰ ਵਿੱਚ ਕਾਰਵਾਈ ਕਰਦੇ ਹੋਏ ਇੱਕ ਘਰ ‘ਚ ਛਾਪੇਮਾਰੀ ਕੀਤੀ ਅਤੇ ਲਗਭਗ 50 ਕਿੱਲੋ ਮਿਲਾਵਟੀ ਦੇਸੀ ਘੀ, ਸੁੱਕਾ ਦੁੱਧ ਅਤੇ ਕ੍ਰੀਮ ਬਰਾਮਦ ਕੀਤੀ, ਜੋ ਘਟੀਆ ਗੁਣਵੱਤਾ ਵਾਲਾ ਘੀ ਬਣਾਉਣ ਲਈ ਵਰਤੀ ਜਾ ਰਹੀ ਸੀ। ਇਹ ਸਾਰਾ ਸਮਾਨ ਤੁਰੰਤ ਕਬਜ਼ੇ ਵਿੱਚ ਲਿਆ ਗਿਆ ਅਤੇ ਮਾਮਲੇ ਦੀ ਵਿਸਥਾਰ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ।
ਸਿਹਤ ਅਧਿਕਾਰੀਆਂ ਦੇ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੰਬੰਧਿਤ ਵਿਅਕਤੀਆਂ ਵੱਲੋਂ ਪਹਿਲਾਂ ਵੀ ਨਕਲੀ ਖਾਦ ਸਮੱਗਰੀ ਬਣਾਉਣ ਦੀ ਗੈਰ-ਕਾਨੂੰਨੀ ਗਤੀਵਿਧੀਆਂ ਚਲਾਈਆਂ ਜਾਂਦੀਆਂ ਰਹੀਆਂ ਹਨ। ਸਾਲ 2017 ਅਤੇ 2020 ਵਿੱਚ ਇਨ੍ਹਾਂ ਖਿਲਾਫ਼ ਫੂਡ ਐਂਡ ਸੇਫਟੀ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਦੇ ਇਲਾਵਾ, ਸਾਲ 2023 ਵਿੱਚ ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਨੂੰ ਭਗੋੜਾ ਘੋਸ਼ਿਤ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਪੁਲਿਸ ਚੌਕੀ ਬੱਸ ਸਟੈਂਡ ਦੀ ਟੀਮ ਦੀ ਸਹਾਇਤਾ ਨਾਲ ਗਿਰੋਹ ਨਾਲ ਸੰਬੰਧਿਤ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ।
ਫੂਡ ਸੇਫਟੀ ਟੀਮ ਵੱਲੋਂ ਮੌਕੇ ’ਤੇ ਘੀ, ਕ੍ਰੀਮ ਅਤੇ ਸੁੱਕੇ ਦੁੱਧ ਦੇ ਸੈਂਪਲ ਇਕੱਠੇ ਕੀਤੇ ਗਏ ਹਨ ਇਹ ਸੈਂਪਲ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ। ਰਿਪੋਰਟ ਮਿਲਣ ਦੇ ਬਾਅਦ ਫੂਡ ਐਂਡ ਸੇਫਟੀ ਐਕਟ ਦੇ ਤਹਿਤ ਸੰਬੰਧਿਤ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਵਿੱਚ ਫੂਡ ਸੇਫਟੀ ਅਧਿਕਾਰੀ ਯੋਗੇਸ਼ ਗੋਇਲ, ਦਿਵਯਜੋਤ ਕੌਰ ਅਤੇ ਹਰਸਿਮਰਨ ਕੌਰ ਮੌਜੂਦ ਰਹੇ, ਜਿਨ੍ਹਾਂ ਪੁਲਿਸ ਟੀਮ ਦੇ ਸਹਿਯੋਗ ਨਾਲ ਕਾਰਵਾਈ ਨੂੰ ਸਫਲ ਬਣਾਇਆ।
EDITED BY- HARLEEN KAUR




