11ਵੀਂ ਦੇ ਵਿਦਿਆਰਥੀ ਨੇ ਪਿਓ ਦੇ ਲਾਇਸੈਂਸੀ ਪਿਸਟਲ ਨਾਲ ਆਪਣੇ ਜਮਾਤੀ ਨੂੰ ਮਾਰੀ ਗੋਲੀ

ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਵਿਚ ਸ਼ਨੀਵਾਰ ਰਾਤ ਨੂੰ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੋ ਦੋਸਤਾਂ ਨੇ ਸੈਕਟਰ 48 ਵਿਚ ਆਪਣੇ ਸਕੂਲ ਦੇ ਸਾਥੀ ਨੂੰ ਗੋਲੀ ਮਾਰ ਦਿੱਤੀ। 17 ਸਾਲਾ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਅਨੁਸਾਰ ਕੰਟਰੋਲ ਰੂਮ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਦੋਂ ਸਦਰ ਪੁਲਿਸ ਮੌਕੇ ਉਤੇ ਪਹੁੰਚੀ, ਤਾਂ ਪਰਿਵਾਰ ਪਹਿਲਾਂ ਹੀ ਜ਼ਖਮੀ ਨੂੰ ਹਸਪਤਾਲ ਲੈ ਗਿਆ ਸੀ। ਘਟਨਾ ਸਥਾਨ ਉਤੇ ਜਾਂਚ ਦੌਰਾਨ ਪੁਲਿਸ ਨੇ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ ਇੱਕ ਖਾਲੀ ਖੋਲ ਬਰਾਮਦ ਕੀਤਾ। ਜਾਂਚ ਵਿੱਚ ਪਤਾ ਲੱਗਾ ਕਿ ਹਥਿਆਰ ਨੌਜਵਾਨ ਦੇ ਪਿਤਾ ਦਾ ਲਾਇਸੈਂਸੀ ਸੀ।
ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਉਸ ਸ਼ਾਮ ਇੱਕ ਸਹਿਪਾਠੀ ਦਾ ਫੋਨ ਆਇਆ ਸੀ। ਉਸ ਨੇ ਮਿਲਣ ਲਈ ਜ਼ੋਰ ਪਾਇਆ। ਉੱਥੋਂ, ਦੋਵੇਂ ਸੈਕਟਰ 48 ਵਿੱਚ ਇੱਕ ਕਿਰਾਏ ਦੇ ਫਲੈਟ ਵਿੱਚ ਗਏ, ਜਿੱਥੇ ਦੋਸ਼ੀ ਦਾ ਦੂਜਾ ਦੋਸਤ ਪਹਿਲਾਂ ਹੀ ਮੌਜੂਦ ਸੀ। ਤਿੰਨਾਂ ਨੇ ਕੁਝ ਦੇਰ ਗੱਲਬਾਤ ਕੀਤੀ, ਰਾਤ ਦਾ ਖਾਣਾ ਖਾਧਾ, ਅਤੇ ਫਿਰ ਅਚਾਨਕ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢੀ ਅਤੇ ਗੋਲੀਬਾਰੀ ਕੀਤੀ।




