ਚੰਡੀਗੜ੍ਹ ਪੁਲਿਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ 3 ਆਰੋਪੀਆਂ ਨੂੰ ਕੀਤਾ ਕਾਬੂ

ਚੰਡੀਗੜ੍ਹ ਪੁਲਿਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ 3 ਆਰੋਪੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇੱਕ J&K, ਦੂਜਾ ਦਿੱਲੀ ਅਤੇ ਤੀਜਾ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਤਿੰਨੇ ਪ੍ਰਿੰਟਰ ਦੀ ਮਦਦ ਨਾਲ ₹100 ਅਤੇ ₹500 ਦੇ ਨਕਲੀ ਨੋਟ ਛਾਪ ਕੇ ਅੱਗੇ ਸਪਲਾਈ ਕਰਦੇ ਸਨ। ਨਕਲੀ ਨੋਟ ਛਾਪਣ ਦਾ ਤਰੀਕਾ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਸਿੱਖਿਆ ਸੀ। ਪਹਿਲਾਂ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਫਿਰ ਚੰਡੀਗੜ੍ਹ ਵਿੱਚ ਨਕਲੀ ਨੋਟ ਖਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੀ ਕਰਾਈਮ ਬ੍ਰਾਂਚ ਨੂੰ ਇਸ ਦੀ ਭਨਕ ਲੱਗ ਗਈ।
ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਕੋਲੋਂ ₹2 ਲੱਖ ਦੇ ਨਕਲੀ ਨੋਟ ਵੀ ਬਰਾਮਦ ਹੋਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹੁਣ ਤੱਕ ₹1 ਕਰੋੜ ਤੋਂ ਵੱਧ ਦੇ ਨਕਲੀ ਨੋਟ ਛਾਪ ਚੁੱਕੇ ਹਨ।
ਚੰਡੀਗੜ੍ਹ ਪੁਲਿਸ ਨੂੰ ਸੀਕ੍ਰੇਟ ਇਨਪੁੱਟ ਮਿਲੀ ਸੀ ਕਿ ਸ਼ਹਿਰ ਵਿੱਚ ਨਕਲੀ ਨੋਟਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇੱਕ ਪਾਸੇ ਇਨ੍ਹਾਂ ਨੂੰ ਸਿੱਧੇ ਮਾਰਕੀਟ ਵਿੱਚ ਖਪਾਉਣ ਦੀ ਕੋਸ਼ਿਸ਼ ਹੋ ਰਹੀ ਸੀ, ਜਦਕਿ ਦੂਜੇ ਪਾਸੇ ਬਲਕ ਵਿੱਚ ਅਸਲੀ ਨੋਟਾਂ ਦੀ ਥਾਂ ਨਕਲੀ ਨੋਟ ਦਿੱਤੇ ਜਾ ਰਹੇ ਸਨ। ਪੁਲਿਸ ਨੇ ਆਰੋਪੀਆਂ ਦੀ ਪਛਾਣ ਕਰਕੇ ਜਾਲ ਬਿਛਾਇਆ। ਜਿਵੇਂ ਹੀ ਉਹ ਨਕਲੀ ਨੋਟਾਂ ਦੀ ਖੇਪ ਡਿਲਿਵਰ ਕਰਨ ਪਹੁੰਚੇ, ਪੁਲਿਸ ਨੇ ਤਿੰਨੋਂ ਆਰੋਪੀਆਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਤਿੰਨ ਆਰੋਪੀਆਂ ਵਿੱਚ ਜੰਮੂ-ਕਸ਼ਮੀਰ ਦਾ ਅਵਿਨਾਸ਼ ਕੁਮਾਰ, ਨਵੀਂ ਦਿੱਲੀ ਦਾ ਸਤਯਮ ਵਿਸ਼ਵਕਰਮਾ ਅਤੇ ਹਰਿਆਣਾ ਦਾ ਸੰਦੀਪ ਸ਼ਾਮਲ ਹਨ। ਪੁਲਿਸ ਨੇ ਤਿੰਨੋਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਖ਼ਿਲਾਫ਼ ਥਾਣਾ ਕਰਾਈਮ ਬ੍ਰਾਂਚ ਵਿੱਚ BNS ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਪੂਰੇ ਨੈੱਟਵਰਕ ਬਾਰੇ ਤਫਤੀਸ਼ ਜਾਰੀ ਹੈ।
EDITED BY- HARLEEN KAUR



