ਪੰਜਾਬ ਦੇ ਮਲੇਰਕੋਟਲਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਇੱਕ ਵਿਧਵਾ ਮਹਿਲਾ, ਉਸ ਦੀ ਬੁਜ਼ੁਰਗ ਮਾਂ ਅਤੇ 9 ਸਾਲ ਦਾ ਪੁੱਤਰ ਸ਼ਾਮਲ ਹਨ। ਤਿੰਨਾਂ ਨੇ ਜ਼ਹਿਰ ਨਿਗਲ ਲਿਆ। ਮੌਤ ਤੋਂ ਪਹਿਲਾਂ ਵਿਧਵਾ ਮਹਿਲਾ ਨੇ ਇੱਕ ਵੀਡੀਓ ਬਣਾਈ ਸੀ, ਜਿਸ ਵਿੱਚ ਉਸ ਨੇ 10 ਲੋਕਾਂ ‘ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।
ਮਹਿਲਾ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਵੀਡੀਓ ਨੂੰ ਅਧਾਰ ਬਣਾਉਂਦੇ ਹੋਏ ਮ੍ਰਿਤਕਾ ਦੀ ਸੱਸ ਸਮੇਤ 10 ਲੋਕਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਖੁਦਕੁਸ਼ੀ ਦੇ ਪੂਰੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਲੇਰਕੋਟਲਾ ਪੁਲਿਸ ਮੁਤਾਬਕ ਪਿੰਡ ਭੂਦਨ ਦੀ ਰਹਿਣ ਵਾਲੀ ਇੰਦਰਪਾਲ ਕੌਰ (31) ਨੇ ਆਪਣੀ ਮਾਂ ਹਰਦੀਪ ਕੌਰ ਅਤੇ 9 ਸਾਲ ਦੇ ਪੁੱਤਰ ਜਾਰਡਨ ਸਿੰਘ ਨਾਲ ਖੁਦਕੁਸ਼ੀ ਕਰ ਲਈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ ਸੀ ਅਤੇ ਪੁੱਤਰ ਨੂੰ ਵੀ ਆਪਣੇ ਨਾਲ ਲੈ ਆਈ ਸੀ।
ਪੁਲਿਸ ਨੇ ਦੱਸਿਆ ਕਿ ਰਾਤ ਤਿੰਨਾਂ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ। ਇਸ ਕਾਰਨ ਇੰਦਰਪਾਲ ਕੌਰ ਅਤੇ ਉਸ ਦੀ ਮਾਂ ਹਰਦੀਪ ਕੌਰ ਦੀ ਰਾਤ ਨੂੰ ਹੀ ਮੌਤ ਹੋ ਗਈ, ਜਦਕਿ ਉਸ ਸਮੇਂ ਜਾਰਡਨ ਜਿੰਦਾ ਸੀ। ਸਵੇਰੇ ਜਦੋਂ ਬੱਚੇ ਦੀ ਅੱਖ ਖੁੱਲੀ ਤਾਂ ਉਸ ਨੇ ਵੇਖਿਆ ਕਿ ਮਾਂ ਅਤੇ ਨਾਨੀ ਕੋਈ ਜਵਾਬ ਨਹੀਂ ਦੇ ਰਹੀਆਂ। ਉਸ ਨੂੰ ਸ਼ੱਕ ਹੋਇਆ ਕਿ ਦੋਵਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਨੇ ਤੁਰੰਤ ਆਪਣੀ ਦਾਦੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਪੁਲਿਸ ਮੁਤਾਬਕ ਇਸ ਤੋਂ ਬਾਅਦ ਨੇੜੇ ਦੇ ਲੋਕ ਵੱਖ-ਵੱਖ ਜਗ੍ਹਾ ਤੋਂ ਪਹੁੰਚੇ। ਜਾਰਡਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਤੇ ਵੀ ਜ਼ਹਿਰ ਦਾ ਪ੍ਰਭਾਵ ਕਾਫੀ ਹੋ ਚੁੱਕਾ ਸੀ। ਇਸ ਕਾਰਨ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਂ-ਪੁੱਤਰ ਦੀ ਲਾਸ਼ ਹਸਪਤਾਲ ਭੇਜੀ ਗਈ।
ਇਸ ਮਾਮਲੇ ਬਾਰੇ ਮਲੇਰਕੋਟਲਾ ਦੇ ਥਾਣਾ ਸੰਦੌੜ ਦੇ SHO ਗਗਨਦੀਪ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ ‘ਤੇ ਮ੍ਰਿਤਕਾ ਦੀ ਸੱਸ ਚਰਨਜੀਤ ਕੌਰ, ਭੋਲਾ ਸਿੰਘ, ਸੁਖਪਾਲ ਸਿੰਘ, ਦਲਜੀਤ ਕੌਰ, ਕੋਰਾ ਸਿੰਘ, ਗੁਰਪ੍ਰੀਤ ਸਿੰਘ, ਕਿਰਣਾ ਕੌਰ, ਬੋਬੀ ਕੌਰ ਸਮੇਤ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ਵਿੱਚ ਜੋ ਕੁਝ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ‘ਤੇ ਅੱਗੇ ਕਾਰਵਾਈ ਕੀਤੀ ਜਾਵੇਗੀ।
EDITED BY- HARLEEN KAUR




