
ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਬ੍ਰਿਜ ਮੋਹਨ ਸੂਰੀ ਦੇ ਘਰ ਦੀ ਜਾਸੂਸੀ (ਰੇਕੀ) ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਆਗੂ ਦੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ।
ਬ੍ਰਿਜ ਮੋਹਨ ਸੂਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਰੇਲਵੇ ਲਾਈਨ ਦੇ ਨੇੜੇ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਸ਼ੱਕੀ ਵਿਅਕਤੀ ਕਾਫੀ ਸਮੇਂ ਤੋਂ ਨਿਗਰਾਨੀ ਕਰ ਰਿਹਾ ਸੀ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਜਦੋਂ ਵੀ ਕੋਈ ਰਾਹਗੀਰ ਨੇੜੇ ਆਉਂਦਾ ਸੀ, ਤਾਂ ਉਹ ਵਿਅਕਤੀ ਦਰੱਖਤ ਦੇ ਪਿੱਛੇ ਲੁਕ ਜਾਂਦਾ ਸੀ।
ਸੂਰੀ ਨੇ ਦੱਸਿਆ ਕਿ ਇਸ ਰੇਕੀ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਇੱਕ ਵਟਸਐਪ ਕਾਲ ਆਈ ਸੀ, ਜਿਸ ਵਿੱਚ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਸਿੱਧੀ ਧਮਕੀ ਦਿੱਤੀ ਗਈ ਸੀ।
ਸੁਧੀਰ ਸੂਰੀ ਕਤਲ ਕਾਂਡ ਤੋਂ ਬਾਅਦ ਅੰਮ੍ਰਿਤਸਰ ਪਹਿਲਾਂ ਹੀ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਤਾਜ਼ਾ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬ੍ਰਿਜ ਮੋਹਨ ਸੂਰੀ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ।
EDITED BY- HARLEEN KAUR




