
ਪੰਜਾਬ ਦੀ ਸਿਆਸਤ ਵਿੱਚ ਜ਼ਮੀਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਨਿੱਜੀ ਟਿੱਪਣੀਆਂ ਤੱਕ ਪਹੁੰਚ ਗਿਆ ਹੈ। ਜ਼ੀਰਕਪੁਰ ਵਿੱਚ 100 ਏਕੜ ਜ਼ਮੀਨ ਖਰੀਦਣ ਦੇ ਲਗੇ ਇਲਜ਼ਾਮਾਂ ‘ਤੇ ਰਾਜਾ ਵੜਿੰਗ ਨੇ ਮੈਡਮ ਸਿੱਧੂ ਨੂੰ ਤਿੱਖਾ ਜਵਾਬ ਦਿੱਤਾ ਹੈ, ਜਿਸ ਨਾਲ ਸਿਆਸੀ ਮਾਹੌਲ ਹੋਰ ਵੀ ਗਰਮਾ ਗਿਆ ਹੈ।
ਰਾਜਾ ਵੜਿੰਗ ਨੇ ਤਨਜ਼ੀਅ ਅੰਦਾਜ਼ ਵਿੱਚ ਕਿਹਾ ਕਿ ਜੇ ਮੈਡਮ ਸਿੱਧੂ ਦੇ ਦਾਅਵੇ ਮੁਤਾਬਕ ਉਨ੍ਹਾਂ ਕੋਲ 1000 ਏਕੜ ਜ਼ਮੀਨ ਹੈ ਤਾਂ ਉਹ 10-12 ਏਕੜ ਉਨ੍ਹਾਂ ਨੂੰ ਦੇ ਦਿਣ, ਬਾਕੀ 990 ਏਕੜ ਉਹ ਖੁਦ ਮੈਡਮ ਨੂੰ ਵਾਪਸ ਕਰ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੋਜ਼ਾਨਾ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਠੀਕ ਨਹੀਂ ਅਤੇ “ਖਰਾਬ ਮਾਨਸਿਕ ਸਥਿਤੀ ਵਾਲੇ ਵਿਅਕਤੀ ‘ਤੇ ਟਿੱਪਣੀ ਕਰਨਾ ਵੀ ਠੀਕ ਨਹੀਂ।”
ਦਰਅਸਲ ਮੈਡਮ ਸਿੱਧੂ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਰਾਜਾ ਵੜਿੰਗ ਨੇ ਜ਼ੀਰਕਪੁਰ ਵਿੱਚ 100 ਏਕੜ ਜ਼ਮੀਨ ਖਰੀਦੀ ਹੈ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸਿਰਫ਼ 40 ਏਕੜ ਜ਼ਮੀਨ ਕਥਿਤ ਤੌਰ ‘ਤੇ ਗੈਰਕਾਨੂੰਨੀ ਤਰੀਕੇ ਨਾਲ ਇਕੱਠੇ ਕੀਤੇ ਪੈਸਿਆਂ ਨਾਲ ਖਰੀਦੀ ਗਈ, ਜਦਕਿ ਬਾਕੀ ਜ਼ਮੀਨ ਲੋਕਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਹੜਪੀ ਗਈ। ਮੈਡਮ ਸਿੱਧੂ ਦਾ ਦਾਅਵਾ ਸੀ ਕਿ ਕੁਝ ਮਾਮਲਿਆਂ ਵਿੱਚ ਜਾਅਲੀ ਦਸਤਖ਼ਤ ਅਤੇ ਅੰਗੂਠੇ ਲਗਵਾ ਕੇ ਜ਼ਮੀਨ ਆਪਣੇ ਨਾਮ ਕਰਵਾਈ ਗਈ।
ਇਨ੍ਹਾਂ ਗੰਭੀਰ ਇਲਜ਼ਾਮਾਂ ਤੋਂ ਬਾਅਦ ਰਾਜਾ ਵੜਿੰਗ ਦਾ ਇਹ ਜਵਾਬ ਸਿਆਸੀ ਮੈਦਾਨ ਵਿੱਚ ਇੱਕ ਨਵਾਂ ਮੋੜ ਮੰਨਿਆ ਜਾ ਰਿਹਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਬਿਆਨਾਂ ਤੱਕ ਸੀਮਿਤ ਰਹਿੰਦਾ ਹੈ ਜਾਂ ਕਾਨੂੰਨੀ ਕਾਰਵਾਈ ਤੱਕ ਪਹੁੰਚਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ।
ਇਸ ਵੇਲੇ ਦੋਵਾਂ ਪੱਖਾਂ ਵੱਲੋਂ ਲਗੇ ਇਲਜ਼ਾਮ ਅਤੇ ਦਿੱਤੇ ਜਵਾਬਾਂ ਨੇ ਰਾਜਨੀਤਿਕ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਜ਼ਮੀਨ ਦੇ ਸੌਦੇ ਅਤੇ ਸੰਭਾਵਿਤ ਬੇਨਿਯਮੀਆਂ ਦੇ ਦੋਸ਼ਾਂ ਨੇ ਜਨਤਾ ਵਿੱਚ ਵੀ ਜਿਗਿਆਸਾ ਪੈਦਾ ਕੀਤੀ ਹੈ ਕਿ ਅਸਲ ਸੱਚਾਈ ਕੀ ਹੈ।
ਹੁਣ ਸਵਾਲ ਇਹ ਹੈ ਕਿ ਕੀ ਇਹ ਵਿਵਾਦ ਅਦਾਲਤ ਤੱਕ ਜਾਵੇਗਾ ਜਾਂ ਸਿਆਸੀ ਮੰਚਾਂ ਤੱਕ ਹੀ ਸੀਮਿਤ ਰਹੇਗਾ। ਪੰਜਾਬ ਦੀ ਸਿਆਸਤ ਵਿੱਚ ਜ਼ਮੀਨ ਦਾ ਇਹ ਮਾਮਲਾ ਅਗਲੇ ਦਿਨਾਂ ਵਿੱਚ ਹੋਰ ਵੀ ਤਪ ਸਕਦਾ ਹੈ।
EDITED BY- HARLEEN KAUR




