
ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ ‘ਚ ਪੀਲੀਏ ਨੇ ਦਸਤਕ ਦੇ ਦਿੱਤੀ ਹੈ ਅਤੇ ਕਈ ਬੱਚਿਆਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਜਿੱਥੇ 12 ਸਾਲਾ ਇਕ ਬੱਚੀ ਦੀ ਪੀਲੀਏ ਕਾਰਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਿੰਡ ‘ਚ ਹੜਕੰਪ ਮਚ ਗਿਆ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਇਲਾਜ ਵੀ ਕਰਵਾਇਆ ਗਿਆ ਪਰ ਉਹ ਠੀਕ ਨਹੀਂ ਹੋਈ ਤਾਂ ਉਸ ਦੀ ਮੌਤ ਹੋ ਗਈ।
ਪਿੰਡ ਹਜ਼ਾਰਾ ਸਿੰਘ ਵਾਲਾ ‘ਚ ਇੱਕ ਦਰਜਨ ਦੇ ਕਰੀਬ ਬੱਚੇ ਬਿਮਾਰ ਹਨ। ਜਿਨ੍ਹਾਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਗਏ ਹਨ। ਇਸ ਦਾ ਮੁੱਖ ਕਾਰਨ ਪਾਣੀ ਦੀ ਖ਼ਰਾਬੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਲਾਕੇ ਦੀ ਮੈਡੀਕਲ ਅਫ਼ਸਰ ਰੇਖਾ ਭੱਟੀ ਨੇ ਦੱਸਿਆ ਕਿ ਉਕਤ ਬੱਚੀ ਪਹਿਲਾਂ ਹੀ ਬੀਮਾਰ ਸੀ। ਉਸ ਨੂੰ ਬੁਖ਼ਾਰ ਵੀ ਸੀ ਅਤੇ ਇਮੀਊਨਿਟੀ ਵੀ ਕਮਜ਼ੋਰ ਸੀ। ਉਨ੍ਹਾਂ ਦੱਸਿਆ ਕਿ ਉਕਤ ਬੱਚੀ ਦਾ ਕਿਸੇ ਆਰ. ਐੱਮ. ਪੀ. ਡਾਕਟਰ ਕੋਲੋਂ ਇਲਾਜ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਕੁੱਲ 12 ਬੱਚਿਆਂ ਦੇ ਸੈਂਪਲ ਪਿੰਡ ‘ਚੋਂ ਲਏ ਗਏ ਹਨ, ਜਿਨ੍ਹਾਂ ਨੂੰ ਪੀਲੀਆ ਹੋਇਆ ਹੈ ਅਤੇ 6 ਬੱਚਿਆਂ ਨੂੰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਪਿੰਡ ‘ਚੋਂ 100 ਸੈਂਪਲ ਲਏ ਗਏ ਹਨ ਅਤੇ ਜੇਕਰ ਕੋਈ ਦਿੱਕਤ ਆਈ ਤਾਂ ਅਸੀਂ ਹੋਰ ਵੀ ਸੈਂਪਲ ਸ਼ੁਰੂ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਟੀਮਾਂ ਲਾਈਆਂ ਹੋਈਆਂ ਹਨ ਅਤੇ ਪਾਣੀ ਦੀਆਂ ਟੈਂਕੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੀਣ ਦੇ ਪਾਣੀ ਦੀ ਸਮੱਸਿਆ ਬਣੀ ਹੋਈ ਸੀ। ਇਸ ਕਾਰਨ ਬੱਚਿਆਂ ਨੂੰ ਬੁਖ਼ਾਰ, ਪੇਟ ਦਰਦ, ਸਿਰਦਰਦ ਅਤੇ ਅੱਖਾਂ ‘ਚ ਦਰਦ ਜਿਹੀਆਂ ਸ਼ਿਕਾਇਤਾਂ ਹੋ ਰਹੀਆਂ ਹਨ। ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡ ਵਿਚ ਪਹੁੰਚ ਕੇ ਬੱਚਿਆਂ-ਬਜ਼ੁਰਗਾਂ ਦੇ ਨਾਲ-ਨਾਲ ਹੋਰ ਪਿੰਡ ਵਾਸੀਆਂ ਦੇ ਵੀ ਸੈਂਪਲ ਲੈ ਰਹੀਆਂ ਹਨ ਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
EDITED BY- HARLEEN KAUR




