
ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਸਿੰਧਵਾਂ ਬੇਟ ਨੇੜਲੇ ਪਿੰਡ ਜੰਡੀ ਵਿੱਚ ਇਕ ਕਿਸਾਨ ਦਾ ਉਸ ਦੇ ਘਰ ਵਿਚ ਹੀ ਸਿਰ ਵਿਚ ਕੁਹਾੜੀ ਮਾਰਕੇ ਕਤਲ ਕਰ ਦਿੱਤੇ ਜਾਣ ਦਾ ਸਨ ਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜੋ ਵਾਰਦਾਤ ਸਮੇਂ ਆਪਣੇ ਘਰ ਵਿਚ ਇਕੱਲਾ ਸੁੱਤਾ ਪਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਅਣਪਛਾਤਾ ਕਾਤਲ ਘਰ ਦੇ ਪਿਛਲੇ ਪਾਸੇ ਸਥਿਤ ਖਾਲੀ ਪਲਾਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਸੁੱਤੇ ਪਏ ਹਰਜਿੰਦਰ ਸਿੰਘ ਦੇ ਸਿਰ ‘ਤੇ ਕੁਹਾੜੀ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦਿਲ-ਕੰਬਾਊ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਿ੍ਤਕ ਦੀ ਪਹਿਲੀ (ਸਵਰਗਵਾਸੀ) ਪਤਨੀ ਦੇ ਕੈਨੇਡਾ ਰਹਿੰਦੇ ਲੜਕੇ, ਹਰਕਮਲ ਸਿੰਘ ਨੇ ਆਪਣੇ ਪਿਤਾ ਦੀ ਸੁੱਖ-ਸਾਂਦ ਜਾਣਨ ਲਈ ਫੋਨ ਕੀਤਾ। ਵਾਰ-ਵਾਰ ਫੋਨ ਨਾ ਚੁੱਕੇ ਜਾਣ ‘ਤੇ ਹਰਕਮਲ ਨੇ ਚਿੰਤਾ ਜ਼ਾਹਰ ਕਰਦਿਆਂ ਆਪਣੇ ਤਾਏ (ਮ੍ਰਿਤਕ ਦੇ ਭਰਾ) ਜਗਰਾਜ ਸਿੰਘ ਨੂੰ ਸੂਚਿਤ ਕੀਤਾ।
ਜਦੋਂ ਜਗਰਾਜ ਸਿੰਘ ਨੇ ਕੰਧ ਟੱਪ ਕੇ ਘਰ ਅੰਦਰ ਜਾ ਕੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਲਾਸ਼ ਬੈੱਡ ‘ਤੇ ਪਈ ਸੀ ਅਤੇ ਕੋਲ ਹੀ ਅਲਮਾਰੀ ਦਾ ਸਾਮਾਨ ਅਤੇ ਕਾਗਜ਼ਾਤ ਖਿੱਲਰੇ ਹੋਏ ਸਨ, ਜੋ ਕਿ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਸਨ। ਇਸ ਮਗਰੋਂ ਤੁਰੰਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਬਾਰੇ ਸੂਚਨਾ ਮਿਲਣ ਤੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਤੇ ਥਾਣਾ ਮੁਖੀ ਇੰਸਪੈਕਟਰ ਹਮਰਾਜ ਸਿੰਘ ਚੀਮਾ ਨੇ ਤਰੁੰਤ ਪੁਲਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਵੱਲੋਂ ਹਰ ਪੱਖ ਤੋਂ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਮੌਕੇ ਤੋਂ ਬਾਰੀਕੀ ਨਾਲ ਅਹਿਮ ਸੁਰਾਗ ਇਕੱਠੇ ਕਰ ਰਹੀਆਂ ਹਨ ਤਾਂ ਜੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਮ੍ਰਿਤਕ ਦੀ ਦੂਜੀ ਪਤਨੀ ਅਤੇ ਉਸ ਦੇ ਲੜਕੇ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।
EDITED BY- HARLEEN KAUR


