
ਪੰਜਾਬ ਅਤੇ ਚੰਡੀਗੜ੍ਹ ‘ਚ ਹਾਲੇ ਤੋਂ ਹੀ ਕੜਾਕੇ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਮੰਗਲਵਾਰ (21 ਅਪ੍ਰੈਲ ਤੋਂ 24 ਅਪ੍ਰੈਲ) ਤੱਕ ਚਾਰ ਦਿਨਾਂ ਲਈ ਹੀਟਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਰਾਤਾਂ ਵੀ ਗਰਮ ਰਹਿਣਗੀਆਂ। ਸੋਮਵਾਰ ਦੇ ਮੁਕਾਬਲੇ ਤਾਪਮਾਨ 0.1 ਡਿਗਰੀ ਵਧਿਆ ਹੈ, ਜੋ ਆਮ ਨਾਲੋਂ 3.2 ਡਿਗਰੀ ਵੱਧ ਹੈ।
21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ ਹੈ, ਜਿਸ ਵਿੱਚ ਸਭ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ, ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਬਣਾਏ ਗਏ ਹਨ ਅਤੇ ਸਟਾਫ ਨੂੰ 24 ਘੰਟੇ ਤਾਇਨਾਤ ਕੀਤਾ ਗਿਆ ਹੈ।
ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਸੰਗਰੂਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹੀਟਵੇਵ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਸੂਰਜ ਸਵੇਰ ਤੋਂ ਹੀ ਤੇਜ਼ ਹੋ ਜਾਵੇਗਾ, ਜਦੋਂ ਕਿ ਹੀਟਵੇਵ ਦਾ ਪ੍ਰਭਾਵ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵੱਧ ਤੋਂ ਵੱਧ ਰਹੇਗਾ।
ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 38.0 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 37.5 ਡਿਗਰੀ ਸੈਲਸੀਅਸ, ਐਸਬੀਐਸ ਨਗਰ (ਨਵਾਂਸ਼ਹਿਰ) ਵਿੱਚ 36.7 ਡਿਗਰੀ ਸੈਲਸੀਅਸ, ਫਰੀਦਕੋਟ (ਏਡਬਲਯੂਐਸ) ਵਿੱਚ 40.9 ਡਿਗਰੀ ਸੈਲਸੀਅਸ, ਫਾਜ਼ਿਲਕਾ ਵਿੱਚ 36.6 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 36.5 ਡਿਗਰੀ ਸੈਲਸੀਅਸ ਅਤੇ ਹੁਸ਼ਿਆਰਪੁਰ ਵਿੱਚ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮਲੇਰਕੋਟਲਾ ਵਿੱਚ 35.8 ਡਿਗਰੀ ਸੈਲਸੀਅਸ, ਕਪੂਰਥਲਾ ਵਿੱਚ 36.5 ਡਿਗਰੀ ਸੈਲਸੀਅਸ, ਪਠਾਨਕੋਟ (AWS) ਵਿੱਚ 36.5 ਡਿਗਰੀ ਸੈਲਸੀਅਸ, ਪਟਿਆਲਾ (AWS) ਵਿੱਚ 37.4 ਡਿਗਰੀ ਸੈਲਸੀਅਸ, ਰੋਪੜ ਵਿੱਚ 36.5 ਡਿਗਰੀ ਸੈਲਸੀਅਸ ਅਤੇ ਭਾਖੜਾ ਡੈਮ (ਨੰਗਲ) ਵਿੱਚ 39.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
EDITED BY- HARLEEN KAUR




