टॉप न्यूज़

ਪੰਜਾਬ ‘ਚ ਸਿਆਸੀ ਹਲਚਲ ਜਾਰੀ

ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ

ਪੰਜਾਬ ਵਿੱਚ ਇਸ ਸਮੇਂ ਸਿਆਸੀ ਹਲਚਲ ਜਾਰੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਤਿਆਰੀਆਂ ਜਾਰੀ ਹਨ। ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਸੁਖਵੰਤ ਸਿੰਘ ਸਰਾਓ ਨੇ ਪਾਰਟੀ ਨੂੰ ਅਲਵਿਦਾ ਆਖਦਿਆਂ ਆਪਣੇ ਸਮਰਥਕਾਂ ਸਣੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਿਰਕਤ ਕੀਤੀ ਹੈ। ਚੰਡੀਗੜ੍ਹ ‘ਚ ਇੱਕ ਸਮਾਗਮ ਦੌਰਾਨ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਕੁਮਾਰ ਦੀ ਹਾਜ਼ਰੀ ‘ਚ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ (ਡੀਡੀਪੀਓ) ਗੁਰਵਿੰਦਰ ਸਿੰਘ ਭੁਟਾਲ ਵੀ ਭਾਜਪਾ ‘ਚ ਸ਼ਾਮਲ ਹੋ ਗਏ।

ਸੁਖਵੰਤ ਸਿੰਘ ਸਰਾਓ ਕੋਲ ਲੋਕ ਪ੍ਰਸ਼ਾਸਨ ਦਾ ਵੱਡਾ ਤਜਰਬਾ ਹੈ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਸਰਾਓ ਨੇ ਪੰਜਾਬ ਸਰਕਾਰ ‘ਚ ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ‘ਚ ਬਤੌਰ ਡਿਪਟੀ ਡਾਇਰੈਕਟਰ (ਪੰਚਾਇਤਾਂ) ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 30 ਸਤੰਬਰ, 2011 ਨੂੰ ਆਪਣੀ ਇੱਛਾ ਅਨੁਸਾਰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਸਿੱਧੇ ਤੌਰ ਤੇ ਰਾਜਨੀਤੀ ‘ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਜਿੱਥੋਂ ਉਹ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲੋਂ 3,345 ਵੋਟਾਂ ਦੇ ਅੰਤਰ ਨਾਲ ਹਾਰ ਗਏ।

ਸੁਖਵੰਤ ਸਿੰਘ ਸਰਾਓ ਦੀ ਰਾਜਨੀਤਿਕ ਯਾਤਰਾ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਬਹੁਤ ਲੰਬਾ ਸਮਾਂ ਜੁੜੀ ਰਹੀ। ਉਨ੍ਹਾਂ ਨੂੰ ਢੀਂਡਸਾ ਦੇ ਸਭ ਤੋਂ ਵਿਸ਼ਵਾਸਪਾਤਰ ਸਾਥੀਆਂ ‘ਚ ਗਿਣਿਆ ਜਾਂਦਾ ਰਿਹਾ ਹੈ। ਜਦੋਂ ਢੀਂਡਸਾ ਨੇ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਥਾਪਨਾ ਕੀਤੀ ਤਾਂ ਸਰਾਓ ਵੀ ਉਨ੍ਹਾਂ ਦੇ ਨਾਲ ਹੀ ਚਲੇ ਗਏ। ਬਾਅਦ ‘ਚ ਜਦੋਂ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਕੈਬਿਨਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਨਾਮ ਹਲਕਾ ਛੱਡ ਕੇ ਲਹਿਰਾ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਤਾਂ ਸਰਾਓ ਨੇ ਆਪਣੀ ਦਾਵੇਦਾਰੀ ਖੁਦ ਹੀ ਵਾਪਸ ਲੈ ਲਈ। ਸਾਲ 2020 ‘ਚ ਸਰਾਓ ਨੇ ਢੀਂਡਸਾ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ‘ਚ ਸ਼ਾਮਲ ਹੋ ਕੇ ਸੀਨੀਅਰ ਉਪ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਈ ਜਿਸ ਅਹੁਦੇ ‘ਤੇ ਉਹ ਬੀਤੇ ਦਿਨ ਤੱਕ ਕਾਰਜਸ਼ੀਲ ਰਹੇ।

ਜਾਣਕਾਰੀ ਲਈ ਦੱਸ ਦੇਈਏ ਕਿ ਸੁਖਵੰਤ ਸਿੰਘ ਸਰਾਓ ਦਾ ਪਾਰਟੀ ਛੱਡਣਾ ਅਕਾਲੀ ਦਲ (ਪੁਨਰ ਸੁਰਜੀਤ) ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੋ ਆਪਣੇ ਗਠਨ ਤੋਂ ਬਾਅਦ ਸੂਬੇ ‘ਚ ਆਪਣੀ ਪਕੜ ਮਜ਼ਬੂਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮਾਲਵਾ ਖੇਤਰ ‘ਚ ਸੰਗਠਨਾਤਮਕ ਤਾਕਤ ਵਧਾਉਣ ਲਈ ਸਰਾਓ ਵਰਗੇ ਤਜਰਬੇਕਾਰ ਆਗੂਆਂ ‘ਤੇ ਨਿਰਭਰ ਸੀ। ਉਨ੍ਹਾਂ ਦਾ ਭਾਜਪਾ ‘ਚ ਸ਼ਾਮਲ ਹੋਣਾ, ਖ਼ਾਸ ਕਰਕੇ ਸਾਬਕਾ ਡੀਡੀਪੀਓ ਦੇ ਨਾਲ, ਪੰਜਾਬ ‘ਚ ਭਾਜਪਾ ਲਈ ਇੱਕ ਅਹਿਮ ਮਜ਼ਬੂਤੀ ਵਜੋਂ ਵੇਖਿਆ ਜਾ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਲਹਿਰਾ ਹਲਕੇ ‘ਚ, ਜਿੱਥੇ ਪਾਰਟੀ ਆਉਣ ਵਾਲੀਆਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਆਪਣਾ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!