
ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਅਣਪਛਾਤੇ ਹਮਲਾਵਰਾਂ ਨੇ ਜੀਟੀ ਰੋਡ ‘ਤੇ ਐਵਨ ਪੈਲੇਸ ਨੇੜੇ ਕਾਰ ਵਿੱਚ ਬੈਠੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਜਸਬੀਰ ਸਿੰਘ, ਵਾਸੀ ਪਿੰਡ ਜੈਰਾਮਪੁਰ, ਥਾਣਾ ਸੁਭਾਨਪੁਰ ਦੇ ਰੂਪ ਵਿੱਚ ਹੋਈ ਹੈ। ਗੋਪੀ ਗੈਂਗਸਟਰ ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਸੀ ਅਤੇ ਕਾਹਲਵਾਂ ਕਤਲ ਕੇਸ ਦਾ ਆਖਰੀ ਗਵਾਹ ਸੀ। ਇਸ ਤੋਂ ਪਹਿਲਾਂ ਸਾਰੇ ਗਵਾਹ ਮੁਕਰ ਚੁੱਕੇ ਸੀ।
ਮਿਲੀ ਜਾਣਕਾਰੀ ਅਨੁਸਾਰ, ਗੁਰਪ੍ਰੀਤ ਸਿੰਘ ਆਪਣੀ ਕਾਰ ਦੀ ਡਰਾਈਵਰ ਸੀਟ ‘ਤੇ ਬੈਠਾ ਸੀ ਜਦੋਂ ਹਮਲਾਵਰਾਂ ਨੇ ਸਾਹਮਣੇ ਵਾਲੀ ਖਿੜਕੀ ਵਿੱਚੋਂ ਗੋਲੀਆਂ ਚਲਾਈਆਂ। ਗੋਲੀ ਸਿੱਧੀ ਨੌਜਵਾਨ ਨੂੰ ਲੱਗੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਗੋਲੀਬਾਰੀ ਅਤੇ ਕਤਲਾਂ ਦੀ ਵਧਦੀ ਗਿਣਤੀ ਨੇ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰੋਜ਼ਾਨਾ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਜਨਤਾ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਰਹੀਆਂ ਹਨ।
EDITED BY- HARLEEN KAUR




