ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਲੁਧਿਆਣਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ। ਈਮੇਲ ਵਿੱਚ ਸਿੱਧੇ ਤੌਰ ‘ਤੇ ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਹ ਈਮੇਲ ਸੋਮਵਾਰ, 25 ਮਈ ਦੀ ਸਵੇਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਆਈਡੀਜ਼ ਨੂੰ ਭੇਜੀ ਗਈ ਸੀ।
ਸਵੇਰੇ 7:28 ਵਜੇ ਦੇ ਕਰੀਬ ਪ੍ਰਾਪਤ ਹੋਈ ਈਮੇਲ ਆਈਡੀ ਦਾ ਵਿਸ਼ਾ “B”0mb Blast – Mayor Office Ludhiana!” ਹੈ। ਈਮੇਲ ਵਿੱਚ ਧਮਾਕਿਆਂ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ। ਦੁਪਹਿਰ 1:11 ਵਜੇ ਲੁਧਿਆਣਾ ਦੇ ਮੇਅਰ ‘ਤੇ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਰਾਤ 9:11 ਵਜੇ ਲੁਧਿਆਣਾ ਵਿੱਚ ਦਿਲਜੀਤ ਦੋਸਾਂਝ ਦੇ ਘਰ ‘ਤੇ ਧਮਾਕੇ ਦੀ ਚੇਤਾਵਨੀ ਦਿੱਤੀ ਗਈ ਹੈ। ਹਮਲਾਵਰਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ “ਜੇਕਰ ਦਿਲਜੀਤ ਦੋਸਾਂਝ ਕਿਸੇ ਦੀ ਮਦਦ ਕਰਦਾ ਹੈ, ਤਾਂ ਉਸਨੂੰ ਮਾਰ ਦਿੱਤਾ ਜਾਵੇਗਾ।” ਧਮਕੀ ਦੇਣ ਵਾਲਿਆਂ ਨੇ ਕਿਹਾ ਕਿ 6 ਜੂਨ ਤੱਕ ਬੰਬ ਧਮਾਕਿਆਂ ਰਾਹੀਂ ਨਿਸ਼ਾਨਾ ਬਣਾਇਆ ਜਾਵੇਗਾ।
ਧਮਕੀਆਂ ਤੋਂ ਬਾਅਦ, ਪੁਲਿਸ ਅਤੇ ਸਾਈਬਰ ਸੈੱਲ ਹਾਈ ਅਲਰਟ ‘ਤੇ ਹਨ। ਈਮੇਲ ਦੇ ਆਈਪੀ ਐਡਰੈੱਸ ਅਤੇ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਅਰ ਦੇ ਦਫ਼ਤਰ ਅਤੇ ਮਹੱਤਵਪੂਰਨ ਥਾਵਾਂ ‘ਤੇ ਸੁਰੱਖਿਆ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ।
EDITED BY- HARLEEN KAUR



