
ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਉਸ ਵੇਲੇ ਵੱਡਾ ਸਿਆਸੀ ਭੂਚਾਲ ਆ ਗਿਆ ਹੈ। ਜਿਸ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਵੱਖਰੀ ਚਰਚਾ ਛੇੜ ਦਿੱਤੀ ਹੈ। ਦਰਅਸਲ, ਜ਼ਿਲ੍ਹਾ ਫਰੀਦਕੋਟ ਦੀ ਜੱਥੇਬੰਦੀ ਨਾਲ ਜੁੜੇ ਕਈ ਅਹਿਮ ਆਗੂਆਂ ਨੇ ਇਕੱਠੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਆਗੂਆਂ ਵੱਲੋਂ ਲਏ ਗਏ ਇਸ ਅਚਾਨਕ ਫੈਸਲੇ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਖੁੱਲ੍ਹੇਆਮ ਸਾਹਮਣੇ ਲਿਆ ਦਿੱਤਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਅਸਤੀਫ਼ਾ ਦੇਣ ਵਾਲਿਆਂ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਬਰਾੜ ਲੀਗਲ ਸੈੱਲ, ਐਡਵੋਕੇਟ ਕਰਮਜੀਤ ਸਿੰਘ ਭੰਗੇਵਾਲਾ ਲੀਗਲ ਸੈੱਲ, ਲਾਲਜੀਤ ਸਿੰਘ ਜਟਾਣਾ ਝੋਟੀਵਾਲਾ ਜ਼ਿਲ੍ਹਾ ਜਨਰਲ ਸਕੱਤਰ, ਬਲਦੇਵ ਸਿੰਘ ਨੰਬਰਦਾਰ ਮੀਤ ਪ੍ਰਧਾਨ ਸ਼ਹਿਰੀ ਅਤੇ ਅਮਰਦੀਪ ਸਿੰਘ ਬਰਾੜ ਸਰਕਲ ਪ੍ਰਧਾਨ ਕੋਟਕਪੂਰਾ ਸ਼ਹਿਰੀ ਦੇ ਨਾਮ ਸ਼ਾਮਲ ਹਨ। ਇਹ ਸਾਰੇ ਅਸਤੀਫੇ ਸਮੂਹ ਸਟੇਟ ਡੈਲੀਗੇਟ ਦੇ ਨਾਮ ਭੇਜੇ ਗਏ ਹਨ। ਸਮੂਹਿਕ ਤੌਰ ‘ਤੇ ਜਾਰੀ ਕੀਤੇ ਗਏ ਆਪਣੇ ਬਿਆਨ ਵਿੱਚ ਆਗੂਆਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਦੋ ਦਸੰਬਰ ਦੇ ਹੁਕਮਨਾਮੇ ਤੋਂ ਭਗੋੜੇ ਬਣੇ ਹੋਏ ਹਨ ਅਤੇ ਸਿੱਖ ਭਾਵਨਾਵਾਂ ਨੂੰ ਨਿੱਜੀ ਲਾਭ ਲਈ ਠੇਸ ਪਹੁੰਚਾਈ ਗਈ ਹੈ।
ਇਸ ਦੌਰਾਨ ਆਗੂਆਂ ਨੇ ਦੋਸ਼ ਲਗਾਇਆ ਕਿ ਜਿਸ ਵਿਚਾਰਧਾਰਾ ਅਤੇ ਸਿਧਾਂਤਾਂ ਦੇ ਆਧਾਰ ‘ਤੇ ਇੱਕ ਨਵੀਂ ਪੰਥਕ ਅਤੇ ਸਿਆਸੀ ਲਹਿਰ ਦੀ ਗੱਲ ਕੀਤੀ ਗਈ ਸੀ, ਹੁਣ ਉਹਨਾਂ ਹੀ ਸਿਧਾਂਤਾਂ ਤੋਂ ਦੂਰ ਹੋਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਸਿਧਾਂਤਕ ਪੱਖ ਨੂੰ ਪਿੱਛੇ ਛੱਡ ਕੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਵਰਕਰਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ। ਅਸਤੀਫ਼ਾ ਦੇਣ ਵਾਲੇ ਆਗੂਆਂ ਨੇ ਮੰਗ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਸੰਗਤ ਦੀਆਂ ਭਾਵਨਾਵਾਂ ਅਤੇ ਪੰਥਕ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਅਗਲਾ ਫੈਸਲਾ ਕਰਨਾ ਚਾਹੀਦਾ ਹੈ। ਆਗੂਆਂ ਨੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਹ ਪੰਥਕ ਸਿਧਾਂਤਾਂ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਸਿਧਾਂਤਾਂ ਦੀ ਲੜਾਈ ਹੈ ਅਤੇ ਉਹ ਇਸ ਲਈ ਪਹਿਲਾਂ ਵਾਂਗ ਡਟੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਲੱਖਾਂ ਸ਼ਹਾਦਤਾਂ ਅਤੇ ਕੁਰਬਾਨੀਆਂ ਵਿੱਚੋਂ ਨਿਕਲੀ ਪੰਥ ਦੀ ਨੁਮਾਇੰਦਾ ਜਮਾਤ ਹੈ, ਪਰ ਕੁਝ ਲੋਕਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਇਸਦੇ ਮੂਲ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਘਟਨਾ ਤੋਂ ਬਾਅਦ ਹੁਣ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਅੰਦਰ ਹੋਰ ਵੱਡੇ ਫੈਸਲੇ ਵੀ ਸਾਹਮਣੇ ਆ ਸਕਦੇ ਹਨ।
EDITED BY- HARLEEN KAUR




