ਸ਼ਹਿਰ ਦੇ ਅੰਦਰੂਨੀ ਬਾਜ਼ਾਰ ਖੇਤਰ ਵਿੱਚ ਇੱਕ ਹੈਰਾਨ ਕਰਨ ਵਾਲੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਲਾਕੇ ਦੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਠੱਗੀ ਕਰਨ ਵਾਲੇ ਲੋਕ ਹੁਣ ਨਵੇਂ-ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਦਰੂਨ ਬਾਜ਼ਾਰ ਦੀ ਸੁਨਿਆਰਾ ਬਾਜ਼ਾਰ ਨਾਲ ਜੁੜਿਆ ਹੋਇਆ ਹੈ। ਪੀੜਤ ਗਗਨਦੀਪ ਉਰਫ਼ ਗੱਗੂ ਨੇ ਦੱਸਿਆ ਕਿ ਉਹ ਇੱਕ ਗਲੀ ਵਿੱਚ ਸੁਨਿਆਰ ਦੇ ਘਰ ਦੇ ਬਾਹਰ ਖੜ੍ਹੇ ਹੋਏ ਸਨ। ਇਸ ਦੌਰਾਨ ਸਾਧੂਆਂ ਦੇ ਭੇਸ ਵਿੱਚ ਤਿੰਨ ਵਿਅਕਤੀ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਤੋਂ ਸੇਵਾ ਦੇ ਨਾਂ ‘ਤੇ 460 ਰੁਪਏ ਦੀ ਮੰਗ ਕੀਤੀ।
ਗਗਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਬਿਨਾਂ ਕਿਸੇ ਸ਼ੱਕ ਦੇ 460 ਰੁਪਏ ਦੇ ਦਿੱਤੇ। ਪਰ ਇਸ ਤੋਂ ਬਾਅਦ ਮਾਮਲੇ ਨੇ ਅਚਾਨਕ ਅਜਿਹਾ ਮੋੜ ਲਿਆ ਜਿਸ ਬਾਰੇ ਸ਼ਾਇਦ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। ਪੀੜਤ ਦੇ ਅਨੁਸਾਰ ਤਿੰਨੇ ਵਿਅਕਤੀ ਉਨ੍ਹਾਂ ਨੂੰ ਗੱਲਾਂ ਵਿੱਚ ਲਗਾ ਕੇ ਨੇੜੇ ਹੀ ਇੱਕ ਘਰ ਦੇ ਅੰਦਰ ਲੈ ਗਏ।
ਅੰਦਰ ਜਾਣ ਤੋਂ ਬਾਅਦ ਸਾਧੂਆਂ ਦੇ ਭੇਸ ਵਿੱਚ ਤਿੰਨ ਲੋਕਾਂ ਨੇ ਉਸ ਨਾਲ ਕੁਝ ਅਜਿਹਾ ਕੀਤਾ ਜਿਸ ਤੋਂ ਬਾਅਦ ਉਹ ਬੇਹੋਸ਼ੀ ਵਰਗੀ ਹਾਲਤ ਵਿੱਚ ਚਲਾ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹੈਰਾਨ ਰਹਿ ਗਿਆ। ਉਸ ਦੇ ਕੋਲ ਮੌਜੂਦ ਕਰੀਬ 12 ਹਜ਼ਾਰ ਰੁਪਏ ਦੀ ਨਕਦੀ ਅਤੇ ਹੱਥ ਵਿੱਚ ਪਾਇਆ ਚਾਂਦੀ ਦਾ ਕੜਾ ਗਾਇਬ ਸੀ।
ਘਟਨਾ ਤੋਂ ਬਾਅਦ ਤਿੰਨੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਵੀ ਚਿੰਤਾ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਹ ਘਟਨਾ ਲੋਕਾਂ ਲਈ ਇੱਕ ਚੇਤਾਵਨੀ ਵਾਂਗ ਵੀ ਹੈ ਕਿ ਅਣਜਾਣ ਲੋਕਾਂ ‘ਤੇ ਅਚਾਨਕ ਭਰੋਸਾ ਕਰਨਾ ਕਈ ਵਾਰ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਜਾਂਚ ਦੌਰਾਨ ਹੋਰ ਕੀ ਖੁਲਾਸੇ ਸਾਹਮਣੇ ਆਉਂਦੇ ਹਨ।
EDITED BY- HARLEEN KAUR



