ਲੁਧਿਆਣਾ ਦੇ ਜਮਾਲਪੁਰ ਇਲਾਕੇ ਤੋਂ ਦੋ ਨਾਬਾਲਿਗ ਲੜਕੀਆਂ ਦੇ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਲੜਕੀਆਂ ਘਰੋਂ ਜਨਮਦਿਨ ਦਾ ਸਮਾਨ ਖਰੀਦਣ ਲਈ ਨਿਕਲੀਆਂ ਸਨ ਪਰ ਵਾਪਸ ਘਰ ਨਹੀਂ ਪੁੱਜੀਆਂ।
ਪਰਿਵਾਰ ਵੱਲੋਂ ਅਗਵਾ ਹੋਣ ਦੀ ਆਸ਼ੰਕਾ ਜਤਾਈ ਗਈ ਹੈ। ਦੋਵੇਂ ਲੜਕੀਆਂ ਬਾਰੇ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਥਾਣਾ ਜਮਾਲਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਕਾਫੀ ਭਾਲ ਕੀਤੀ ਪਰ ਦੋਵੇਂ ਲੜਕੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪਰਿਵਾਰ ਦਾ ਆਰੋਪ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਗਲਤ ਨੀਅਤ ਨਾਲ ਦੋਵੇਂ ਲੜਕੀਆਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਿਤੇ ਲੁਕਾ ਰੱਖਿਆ ਹੈ।
ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਨੇ ਅਣਪਛਾਤੇ ਦੋਸ਼ੀ ਖ਼ਿਲਾਫ਼ BNS ਦੀ ਧਾਰਾ 127(6) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਆਸ-ਪਾਸ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਦੋਵੇਂ ਲੜਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
EDITED BY- HARLEEN KAUR




